ਜੋਗਿੰਦਰ ਸਿੰਘ ਓਬਰਾਏ
ਖੰਨਾ, 7 ਅਪਰੈਲ
ਇਥੋਂ ਦੇ ਵਾਰਡ ਨੰਬਰ-10 ਵਿੱਚ ਸੀਵਰੇਜ ਦੀ ਸਮੱਸਿਆ ਖ਼ਿਲਾਫ਼ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਅਕਾਲੀ ਦਲ ਦੇ ਸ਼ਹਿਰੀ ਪ੍ਰ੍ਰਧਾਨ ਹਰਦੀਪ ਸਿੰਘ ਹਨੀ ਰੋਸ਼ਾ ਅਤੇ ਤਲਵਿੰਦਰ ਕੌਰ ਰੋਸ਼ਾ ਨੇ ਕਿਹਾ ਕਿ ਇਸ ਇਲਾਕੇ ਵਿਚ ਬੰਦ ਸੀਵਰੇਜ ਦੀ ਸਮੱਸਿਆ ਕਾਰਨ ਪੀਣ ਵਾਲਾ ਪਾਣੀ ਵੀ ਗੰਦਾ ਆ ਰਿਹਾ ਹੈ ਅਤੇ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਹੋ ਰਹੇ ਹਨ, ਜਿਸ ਕਾਰਨ ਹਰ ਸਮੇਂ ਕਿਸੇ ਭਿਆਨਕ ਬਿਮਾਰੀ ਫੈਲਣ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਈ ਵਾਰ ਸਬੰਧਤ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਪਰ ਅਜੇ ਤੱਕ ਕੋਈ ਹੱਲ ਨਹੀਂ ਹੋਇਆ। ਇਲਾਕੇ ਦੇ ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਸਮੱਸਿਆ ਹੱਲ ਨਾ ਕੀਤੀ ਗਈ ਤਾਂ ਐੱਸ.ਡੀ.ਐੱਮ ਤੇ ਈਓ ਖੰਨਾ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਮੰਜੂ ਰਾਣੀ, ਮਨਜੀਤ ਕੌਰ, ਰਾਜ ਰਾਣੀ, ਚੰਚਲ ਰਾਣੀ, ਰਾਮ ਮੂਰਤੀ, ਪ੍ਰਵੀਨ ਕੁਮਾਰ, ਸੰਤੋਸ਼ ਰਾਣੀ, ਕ੍ਰਿਸ਼ਨ ਲਾਲ ਆਦਿ ਹਾਜ਼ਰ ਸਨ।
ਸਮੱਸਿਆ ਦਾ ਹੱਲ ਜਲਦੀ ਕਰਾਂਗੇ: ਐੱਸਡੀਐੱਮ
ਇਸ ਸਬੰਧੀ ਐੱਸ.ਡੀ.ਐੱਮ ਹਰਬੰਸ ਸਿੰਘ ਨੇ ਕਿਹਾ ਕਿ ਰੋਸ਼ਾ ਵੱਲੋਂ ਅੱਜ ਹੀ ਮਸਲਾ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ। ਇਸ ਸਬੰਧੀ ਈਓ ਖੰਨਾ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਲੋਕਾਂ ਨੂੰ ਫੌਰੀ ਰਾਹਤ ਦੇਣ ਲਈ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ ਅਤੇ 9 ਅਪਰੈਲ ਨੂੰ ਮੀਟਿੰਗ ਵੀ ਰੱਖੀ ਗਈ ਹੈ।