ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 30 ਜੂਨ
ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਕਮੇਟੀ ਦਾ ਇਕ ਵਫ਼ਦ ਕਰਮਜੀਤ ਸਿੰਘ ਕਾਉਂਦੇ ਦੀ ਅਗਵਾਈ ਹੇਠ ਜ਼ਿਲ੍ਹਾ ਪੁਲੀਸ ਮੁਖੀ ਨੂੰ ਮਿਲਿਆ। ਸੂਬਾ ਪ੍ਰਧਾਨ ਕਾਮਰੇਡ ਹਰਦੇਵ ਸਿੰਘ ਸੰਧੂ ਵੀ ਵਫ਼ਦ ’ਚ ਸ਼ਾਮਲ ਸਨ। ਵਫ਼ਦ ਨੇ ਚਿਤਾਵਨੀ ਭਰੇ ਲਹਿਜ਼ੇ ’ਚ ਕਿਹਾ ਕਿ ਕਾਉਂਕੇ ਕਲਾਂ ’ਚ ਬੀਤੇ ਦਿਨ ਹੋਈ ਖੋਹ ਅਤੇ ਕੁੱਟਮਾਰ ਦੀ ਵਾਰਦਾਤ ਦੇ ਬਾਵਜੂਦ ਪੁਲੀਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ 29 ਜੂਨ ਤਕਰੀਬਨ 12 ਵਜੇ ਦੁਪਿਹਰੇ ਸ਼ੇਰ ਸਿੰਘ, ਜੋ ਕਾਉਂਕੇ ਕਲਾਂ ਪਿੰਡ ਕਮੇਟੀ ਦੇ ਪ੍ਰਧਾਨ ਹੈ, ਪਿੰਡ ’ਚ ਆਮ ਦੀ ਤਰ੍ਹਾਂ ਸਾਈਕਲ ਉੱਪਰ ਜਾ ਰਿਹਾ ਸੀ ਕਿ ਸਮਾਜ ਵਿਰੋਧੀ ਗੈਂਗ ’ਚ ਸ਼ਾਮਲ ਕਾਉਂਕੇ ਕਲਾਂ ਵਾਸੀ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਆਇਆ। ਉਸ ਨੇ ਆਪਣਾ ਮੋਟਰਸਾਈਕਲ ਟੇਢਾ ਕਰਕੇ ਲੰਮਾ ਪਾ ਦਿੱਤਾ ਅਤੇ ਧੱਕਾ ਮਾਰ ਕੇ ਸ਼ੇਰ ਸਿੰਘ ਨੂੰ ਸੁੱਟ ਲਿਆ। ਉਪਰੰਤ ਬਟੂਆ ਖੋਹ ਲਿਆ ਅਤੇ ਥੱਲੇ ਡਿੱਗੇ ਪਏ ਸ਼ੇਰ ਸਿੰਘ ਬਜ਼ੁਰਗ ਦੇ ਠੁੱਡੇ ਮਾਰ ਕੇ ਪੈਸੇ ਆਧਾਰ ਕਾਰਡ ਆਦਿ ਲੈ ਕੇ ਮੋਟਰਸਾਈਕਲ ਲੈ ਕੇ ਭੱਜ ਗਿਆ। ਪਤਾ ਲੱਗਣ ’ਤੇ ਪਿੰਡ ਵਾਲਿਆਂ ਨੇ ਹਸਪਤਾਲ ਹਠੂਰ ਲਿਜਾ ਕੇ ਮੈਡੀਕਲ ਕਰਵਾਇਆ। ਕਾਮਰੇਡ ਸੰਧੂ ਨੇ ਦੋਸ਼ ਲਾਇਆ ਕਿ ਪਤਾ ਹੋਣ ਦੇ ਬਾਵਜੂਦ ਪੁਲੀਸ ਚੌਕੀ ਕਾਉਂਕੇ ਕਲਾਂ ਵਾਲੇ ਹਰਕਤ ’ਚ ਨਹੀਂ ਆਏ। ਉਲਟਾ ਇਕ ਲੱਖ ਅੱਠ ਹਜ਼ਾਰ ਦੀ ਕੀਤੀ ਖੋਹ ਨੂੰ ਕਥਿਤ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਪਹਿਲਾਂ ਗ੍ਰਿਫ਼ਤਾਰ ਕਰਕੇ ਰੁਪਏ ਬਰਾਮਦ ਕੀਤੇ ਜਾਣ ਅਤੇ ਬਾਅਦ ’ਚ ਬਣਦੀ ਕਾਰਵਾਈ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਅਜਿਹੇ ਅਨਸਰਾਂ ਨੂੰ ਨੱਥ ਨਹੀਂ ਪਾਈ ਜਾਂਦੀ ਤਾਂ ਸ਼ਰੀਫ ਲੋਕਾਂ ਦਾ ਘਰੋਂ ਨਿੱਕਲਣਾ ਅਤੇ ਖੇਤਾਂ ’ਚ ਕੰਮ ਕਰਨਾ ਮੁਸੀਬਤਾਂ ਭਰਿਆ ਹੋ ਜਾਵੇਗਾ। ਐੱਸਐੱਸਪੀ ਨਵਨੀਤ ਸਿੰਘ ਬੈਂਸ ਨੇ ਵਫ਼ਦ ਨੂੰ ਸੁਣਨ ਮਗਰੋਂ ਫੌਰਨ ਕਾਰਵਾਈ ਕਰਨ ਦੇ ਹੁਕਮ ਦਿੱਤੇ।