ਨਿੱਜੀ ਪੱਤਰ ਪ੍ਰੇਰਕ
ਖੰਨਾ, 5 ਸਤੰਬਰ
ਇਥੋਂ ਦੇ ਬਸੰਤ ਨਗਰ ਅਤੇ ਸੁੰਦਰ ਨਗਰ ਇਲਾਕੇ ’ਚ ਸ਼ਰਾਬ ਦਾ ਠੇਕਾ ਖੋਲ੍ਹਣ ’ਤੇ ਆਮ ਆਦਮੀ ਪਾਰਟੀ ਦੇ ਵਾਲੰਟੀਅਰਾਂ ਵੱਲੋਂ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਵਿਰੋਧ ਕਰਦੇ ਹੋਏ ਉਕਤ ਥਾਂ ’ਤੇ ਧਰਨਾ ਦਿੱਤਾ ਗਿਆ। ਮੁਹੱਲਾ ਵਾਸੀਆਂ ਨੇ ਕਿਹਾ ਕਿ ਜੇ ਪ੍ਰਸ਼ਾਸਨ ਨੇ ਠੇਕਾ ਖੋਲ੍ਹਣ ਦੀ ਕਾਰਵਾਈ ਨੂੰ ਨਾ ਰੋਕਿਆ ਤਾਂ ਪੱਕਾ ਮੋਰਚਾ ਲਗਾ ਦਿੱਤਾ ਜਾਵੇਗਾ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਲਛਮਣ ਸਿੰਘ ਗਰੇਵਾਲ ਸਮੇਤ ਹੋਰ ਕਾਰਕੁਨਾਂ, ਸਵਰਨਕਾਰ ਸੰਘ ਦੇ ਪ੍ਰਧਾਨ ਰੁਪ ਚੰਦ ਸੇਢਾ ਸਮੇਤ ਹੋਰ ਨੇ ਵੀ ਰਿਹਾਇਸ਼ੀ ਇਲਾਕੇ ਵਿਚ ਠੇਕਾ ਖੋਲ੍ਹਣ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਜਿਸ ਥਾਂ ’ਤੇ ਠੇਕੇ ਖੋਲ੍ਹਿਆ ਜਾ ਰਿਹਾ ਹੈ, ਉਸ ਦੇ ਨੇੜੇ ਹੀ ਹਸਪਤਾਲ ਹੈ ਅਤੇ ਛੋਟੇ ਬੱਚਿਆਂ ਦਾ ਸਕੂਲ ਵੀ ਨੇੜੇ ਪੈਂਦਾ ਹੈ। ਧਰਨੇ ਦੀ ਸੂਚਨਾ ਮਿਲਦੇ ਹੀ ਸਬ-ਡਿਵੀਜ਼ਨ ਖੰਨਾ ਦੇ ਡੀਐੱਸਪੀ ਰਾਜਨ ਪਰਮਿੰਦਰ ਸਿੰਘ ਸਮੇਤ ਪੁਲੀਸ ਪਾਰਟੀ ਮੌਕੇ ਪੁੱਜੇ ਅਤੇ ਉਨ੍ਹਾਂ ਪ੍ਰਦਰਸ਼ਨਕਾਰੀਆਂ ਦਾ ਗੁੱਸਾ ਸ਼ਾਂਤ ਕੀਤਾ। ਇਸ ਤੋਂ ਬਾਅਦ ਮੁਹੱਲਾ ਵਾਸੀਆਂ ਵੱਲੋਂ ਐੱਸਡੀਐੱਮ ਖੰਨਾ ਨੂੰ ਮੰਗ ਪੱਤਰ ਦੇ ਕੇ ਰਿਹਾਇਸ਼ੀ ਇਲਾਕੇ ਵਿਚ ਉਕਤ ਠੇਕਾ ਨਾ ਖੋਲ੍ਹਣ ਦੀ ਮੰਗ ਕੀਤੀ ਗਈ।
ਰਿਹਾਇਸ਼ੀ ਇਲਾਕੇ ’ਚ ਨਹੀਂ ਹੈ ਠੇਕਾ: ਠੇਕੇਦਾਰ
ਇਸ ਸਬੰਧੀ ਠੇਕੇਦਾਰ ਗੁਰਸ਼ਰਨ ਸਿੰਘ ਗੋਗੀਆ ਨੇ ਕਿਹਾ ਕਿ ਉਕਤ ਠੇਕਾ ਰਿਹਾਇਸ਼ੀ ਇਲਾਕੇ ਵਿਚ ਨਹੀਂ ਬਲਕਿ ਮਾਰਕੀਟ ਵਿਚ ਹੈ, ਆਸ ਪਾਸ ਦੁਕਾਨਾਂ ਹਨ। ਇਸ ਲਈ ਜਿਸ ਜਗ੍ਹਾ ’ਤੇ ਇਹ ਠੇਕਾ ਹੈ ਕਿਸੇ ਵੀ ਕੀਮਤ ’ਤੇ ਸਰਕਾਰੀ ਨਿਯਮਾਂ ਦੇ ਉਲਟ ਨਹੀਂ ਹੈ।