ਖੇਤਰੀ ਪ੍ਰਤੀਨਿਧ
ਲੁਧਿਆਣ, 15 ਮਾਰਚ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਲਗਾਇਆ ਗਿਆ ਦੋ ਰੋਜ਼ਾ ‘ਪਸ਼ੂ ਪਾਲਣ ਮੇਲਾ’ ਅੱਜ ਪਸ਼ੂਆਂ ਲਈ ਘਰੇਲੂ ਉਪਚਾਰ ਦੇ ਨੁਕਤਿਆਂ ਨੂੰ ਦ੍ਰਿੜਾਉਂਦਾ ਹੋਇਆ ਅਤੇ ਖੁਸ਼ਹਾਲ ਸਮਾਜ ਸਿਰਜਣ ਦੇ ਸੁਨੇਹੇ ਨਾਲ ਸੰਪੂਰਨ ਹੋ ਗਿਆ। ਅੱਜ ਦੂਜੇ ਦਿਨ ਪੰਜਾਬ ਰਾਜ ਕਿਸਾਨ ਅਤੇ ਖੇਤ ਕਿਰਤੀ ਕਮਿਸ਼ਨਰ ਦੇ ਚੇਅਰਮੈਨ ਡਾ. ਸੁਖਪਾਲ ਸਿੰਘ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ।
ਨਿਰਦੇਸ਼ਕ ਅਟਾਰੀ ਡਾ. ਪਰਵੇਂਦਰ ਸ਼ੇਰੋਂ ਅਤੇ ਨਿਰਦੇਸ਼ਕ ਡੇਅਰੀ ਵਿਕਾਸ ਵਿਭਾਗ ਕੁਲਦੀਪ ਸਿੰਘ ਜੱਸੋਵਾਲ ਨੇ ਪਤਵੰਤੇ ਮਹਿਮਾਨ ਵਜੋਂ ਸਮਾਗਮ ਦੀ ਸੋਭਾ ਵਧਾਈ। ਡਾ. ਸੁਖਪਾਲ ਸਿੰਘ ਨੇ ਕਿਹਾ ਕਿ ਨਵੀਂ ਖੇਤੀਬਾੜੀ ਨੀਤੀ ਕਿਸਾਨਾਂ ਲਈ ਲਾਹੇਵੰਦ ਸਾਬਿਤ ਹੋਵੇਗੀ। ਉਨ੍ਹਾਂ ਸਹਿਕਾਰੀ ਸਭਾਵਾਂ ਦੇ ਯੋਗਦਾਨ ਨੂੰ ਵਧਾਉਣ ਦੀ ਵਕਾਲਤ ਕੀਤੀ ਅਤੇ ਕਿਹਾ ਕਿ ਇਨ੍ਹਾਂ ਰਾਹੀਂ ਸਾਨੂੰ ਬਹੁਮੰਤਵੀ ਸੇਵਾਵਾਂ ਦੇਣੀਆਂ ਚਾਹੀਦੀਆਂ ਹਨ।
ਉਪ-ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਪਸ਼ੂਆਂ ਦੀ ਬਿਮਾਰੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਲਾਜ਼ਮੀ ਤੌਰ ’ਤੇ ਆਪਣੇ ਪਸ਼ੂਆਂ ਦਾ ਟੀਕਾਕਾਰਨ ਕਰਵਾਉਣਾ ਚਾਹੀਦਾ ਹੈ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਪਰਕਾਸ਼ ਸਿੰਘ ਬਰਾੜ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਕੁੱਝ ਵਿਭਾਗ ਪਸ਼ੂ ਪਾਲਣ ਸਬੰਧੀ ਸੇਵਾਵਾਂ ਦਿੰਦੇ ਹਨ ਜਦਕਿ ਕੁਝ ਵਿਭਾਗ ਪਸ਼ੂ ਉਤਪਾਦਾਂ ਦੀ ਗੁਣਵੱਤਾ ਵਧਾ ਕੇ ਨਵੇਂ ਉਤਪਾਦ ਤਿਆਰ ਕਰਨ ਸਬੰਧੀ ਸਿੱਖਿਅਤ ਵੀ ਕਰਦੇ ਹਨ। ਮੇਲੇ ਦੌਰਾਨ ਯੂਨੀਵਰਸਿਟੀ ਦੇ ਵੱਖੋ ਵੱਖਰੇ ਵਿਭਾਗਾਂ ਨੇ ਆਪਣਾ ਗਿਆਨ ਤੇ ਜਾਣਕਾਰੀਆਂ ਪਸ਼ੂ ਪਾਲਕਾਂ ਨੂੰ ਦਿੱਤੀਆਂ। ਪਸ਼ੂ ਆਹਾਰ ਵਿਭਾਗ ਨੇ ਪਸ਼ੂਆਂ ਦੇ ਸੁਚੱਜੇ ਖੁਰਾਕ ਪ੍ਰਬੰਧ ਲਈ ਕਈ ਨਵੀਆਂ ਤਕਨੀਕਾਂ ਬਾਰੇ ਦੱਸਿਆ। ਫਿਸ਼ਰੀਜ ਕਾਲਜ ਵੱਲੋਂ ਵੱਖ-ਵੱਖ ਕਿਸਮਾਂ ਦੀਆਂ ਪਾਲਣਯੋਗ ਮੱਛੀਆਂ ਬਾਰੇ ਦੱਸਿਆ। ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਵੱਲੋਂ ਦੁੱਧ ਦੀ ਗੁਣਵੱਤਾ ਵਧਾ ਕੇ ਮਿੱਠੀ ਤੇ ਨਮਕੀਨ ਲੱਸੀ, ਦੁੱਧ, ਪਨੀਰ, ਬਰਫੀ ਤੇ ਹੋਰ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਸ਼ਖ਼ਸੀਅਤਾਂ ਵੱਲੋਂ ਕਿਤਾਬਚਾ ‘ਤਰਲ ਦੁੱਧ ਅਤੇ ਦੁੱਧ ਉਤਪਾਦਾਂ ਲਈ ਸੰਚਾਲਨ ਪ੍ਰਕਿਰਿਆਵਾਂ’ ਅਤੇ ਪੁਸਤਕ ‘ਬੱਕਰੀਆਂ ਦੀ ਸੰਭਾਲ’, ਨੂੰ ਲੋਕ ਅਰਪਣ ਕੀਤਾ ਗਿਆ। ਮੇਲੇ ਦੌਰਾਨ ਲੱਗੇ ਵੱਖ ਵੱਖ ਸਟਾਲਾਂ ਵਿੱਚੋਂ ਵਿੱਚੋਂ ਸਪੈਂਕੋ ਐਗਰੀ ਇੰਪਲੀਮੈਂਟਸ ਨੂੰ ਪਹਿਲਾ, ਵੈਸਪਰ ਫਾਰਮਾਸਿਊਟੀਕਲ ਨੂੰ ਦੂਸਰਾ, ਪਰੋਵੈਲਿਸ ਇੰਡੀਆ ਨੂੰ ਤੀਸਰਾ ਜਦਕਿ ਪ੍ਰੋਗਰੈਸਿਵ ਡੇਅਰੀ ਸੋਲਿਊਸ਼ਨਜ਼ ਨੂੰ ਹੌਸਲਾ ਵਧਾਊ ਇਨਾਮ ਅਤੇ ਪ੍ਰਮਾਣ ਪੱਤਰ ਦੇ ਕੇ ਨਿਵਾਜਿਆ ਗਿਆ। ਯੂਨੀਵਰਸਿਟੀ ਸ਼੍ਰੇਣੀ ਵਿਚ ਲਾਈਵਸਟਾਕ ਪ੍ਰੋਡਕਸ਼ਨ ਐਂਡ ਮੈਨੇਜਮੈਂਟ ਵਿਭਾਗ ਨੂੰ ਪਹਿਲਾ, ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ ਨੂੰ ਦੂਜਾ, ਕਾਲਜ ਆਫ ਐਨੀਮਲ ਬਾਇਓਤਕਨਾਲਜੀ ਅਤੇ ਪਸ਼ੂ ਬਿਮਾਰੀ ਖੋਜ ਕੇਂਦਰ ਨੂੰ ਤੀਸਰਾ ਇਨਾਮ ਪ੍ਰਾਪਤ ਹੋਇਆ।
ਮੱਛੀ ਦੀ ਖਪ਼ਤ ਨੂੰ ਉਤਸ਼ਾਹਿਤ ਕਰਨ ਲਈ ਮੋਬਾਈਲ ਫਿਸ਼ ਕਾਰਟ ਦੀ ਸ਼ੁਰੂਆਤ
ਲੁਧਿਆਣਾ (ਖੇਤਰੀ ਪ੍ਰਤੀਨਿਧ): ਰਾਜ ਵਿੱਚ ਪ੍ਰਤੀ ਵਿਅਕਤੀ ਮੱਛੀ ਦੀ ਖਪਤ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਵਧਾਉਣ ਲਈ, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਫੀਸ਼ਰੀਜ਼ ਕਾਲਜ ਵੱਲੋਂ ਪਸ਼ੂ ਪਾਲਣ ਮੇਲੇ ਦੌਰਾਨ ਨੌਜਵਾਨਾਂ ਅਤੇ ਚਾਹਵਾਨਾਂ ਲਈ ਉੱਦਮੀ ਨਜ਼ਰੀਏ ਨਾਲ ਮੋਬਾਈਲ ਫਿਸ਼ ਕਾਰਟ ਲੋਕ ਅਰਪਣ ਕੀਤੀ ਗਈ। ਮੱਛੀ ਪਾਲਣ ਉਤਪਾਦਾਂ ਦੇ ਪੌਸ਼ਟਿਕ ਲਾਭਾਂ ਦੀ ਵਕਾਲਤ ਕਰਨ ਦੇ ਨਾਲ-ਨਾਲ ਇਹ ਕਾਰਟ ਸਬਜ਼ੀਆਂ, ਦੁੱਧ ਅਤੇ ਦੁੱਧ ਦੇ ਉਤਪਾਦਾਂ ਵਾਂਗ ਖਪਤਕਾਰਾਂ ਦੇ ਦਰਵਾਜ਼ੇ ’ਤੇ ਤਾਜ਼ਾ ਤੇ ਸਾਫ-ਸੁਥਰੀ ਮੱਛੀ ਸਪਲਾਈ ਕਰੇਗਾ। ਕਾਲਜ ਆਫ਼ ਫਿਸ਼ਰੀਜ਼ ਦੀ ਡੀਨ ਡਾ. ਮੀਰਾ ਡੀ. ਆਂਸਲ ਨੇ ਦੱਸਿਆ ਕਿ ਮਾਰਕੀਟਿੰਗ ਸਮੇਂ ਦੌਰਾਨ ਮੱਛੀ ਪਾਲਣ ਉਤਪਾਦਾਂ ਦੀ ਤਾਜ਼ਗੀ ਅਤੇ ਗੁਣਵੱਤਾ ਨੂੰ ਬਣਾਈ ਰੱਖਣ ਲਈ ਕਾਰਟ ਨੂੰ ਅਨੁਕੂਲਿਤ ਕੀਤਾ ਗਿਆ ਹੈ।ਨਿਰਦੇਸ਼ਕ ਪਾਸਾਰ ਸਿੱਖਿਆ ਡਾ ਪ੍ਰਕਾਸ਼ ਸਿੰਘ ਬਰਾੜ ਨੇ ਕਿਹਾ ਕਿ ਇਹ ਸਹੂਲਤ ਸ਼ਹਿਰੀ ਆਬਾਦੀ ਵਿੱਚ ਮੱਛੀ ਦੀ ਖਪਤ ਨੂੰ ਹੁਲਾਰਾ ਦੇਵੇਗੀ ਅਤੇ ਮੀਟ ਅਤੇ ਮੱਛੀ ਉਤਪਾਦਾਂ ਦੀ ਘਰੇਲੂ ਮੰਡੀ ਨੂੰ ਮਜ਼ਬੂਤ ਕਰਨ ਦੇ ਨਾਲ ਦੁੱਧ ਅਤੇ ਹੋਰ ਮੀਟ ਉਤਪਾਦਾਂ ਦੇ ਮੰਡੀਕਰਨ ਲਈ ਵੀ ਵਰਤੀ ਜਾ ਸਕਦੀ ਹੈ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਦੱਸਿਆ ਕਿ ਪੰਜਾਬ ਦੀ ਪ੍ਰਤੀ ਵਿਅਕਤੀ ਮੱਛੀ ਦੀ ਖਪਤ ਦੇਸ਼ ਦੀ ਔਸਤ 6.8 ਕਿਲੋਗ੍ਰਾਮ ਅਤੇ ਵਿਸ਼ਵ ਸਿਹਤ ਸੰਸਥਾ ਦੀ ਸਿਫ਼ਾਰਸ਼ 12 ਕਿਲੋਗ੍ਰਾਮ ਦੇ ਮੁਕਾਬਲੇ ਸਿਰਫ 400 ਗ੍ਰਾਮ ਹੈ।