ਗੁਰਿੰਦਰ ਸਿੰਘ
ਲੁਧਿਆਣਾ, 25 ਅਪਰੈਲ
ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪੰਜਾਬ ਦੇ ਸਮੂਹ ਕਿਸਾਨਾਂ, ਮਜ਼ਦੂਰਾਂ ਤੇ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਲਈ ਆਵਾਜ਼ ਬੁਲੰਦ ਕਰਦਿਆਂ ਭਾਜਪਾ ਉਮੀਦਵਾਰਾਂ ਦਾ ਘਿਰਾਓ ਕਰਕੇ ਕਿਸਾਨਾਂ ਦੇ 11 ਸਵਾਲਾਂ ਦੇ ਜਵਾਬ ਪੁੱਛਣ ਦਾ ਫ਼ੈਸਲਾ ਕੀਤਾ ਹੈ। ਇਥੇ ਜਥੇਬੰਦੀ ਦੇ ਕੌਮੀ ਪ੍ਰਧਾਨ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਮਾਡਲ ਟਾਊਨ ਐਕਸਟੈਨਸ਼ਨ ਵਿੱਚ ਮੀਟਿੰਗ ਹੋਈ। ਇਸ ਦੌਰਾਨ ਜਥੇਬੰਦੀ ਦੀ ਮਜ਼ਬੂਤੀ ਲਈ ਕੁਝ ਨਿਯੁਕਤੀਆਂ ਕੀਤੀਆਂ ਗਈਆਂ, ਜਿਸ ਅਨੁਸਾਰ ਜੁਗਰਾਜ ਸਿੰਘ ਮੰਡ ਕੌਮੀ ਪ੍ਰਧਾਨ ਯੂਥ ਵਿੰਗ ਅਤੇ ਕੋਰ ਕਮੇਟੀ ਮੈਂਬਰ ਅਤੇ ਭਾਈ ਹਰਪਾਲ ਸਿੰਘ ਨਿਮਾਣਾ, ਭੁਪਿੰਦਰ ਸਿੰਘ, ਮਨਜੀਤ ਸਿੰਘ ਤੂਰ ਪਿੰਡ ਬਾਜੜਾ, ਮਨਜੀਤ ਸਿੰਘ ਲੋਟੇ, ਕੈਪਟਨ ਸੁਦੇਸ਼ ਕੁਮਾਰ, ਦਿਲਬਾਗ ਸਿੰਘ ਅਤੇ ਬੀਬੀ ਸਵਿੰਦਰਜੀਤ ਕੌਰ ਖ਼ਾਲਸਾ ਨੂੰ ਕੋਰ ਕਮੇਟੀ ਮੈਂਬਰ ਚੁਣਿਆ। ਜਥੇਦਾਰ ਮਨਜੀਤ ਸਿੰਘ ਬੁਟਾਹਰੀ ਅਤੇ ਹਰਪਾਲ ਸਿੰਘ ਮੱਖੂ ਕੌਮੀ ਸੀਨੀਅਰ ਮੀਤ ਪ੍ਰਧਾਨ, ਸਰਪੰਚ ਨਿਰਮਲ ਸਿੰਘ ਬੇਰਕਲਾਂ, ਪਰਮਜੀਤ ਸਿੰਘ ਨੱਤ ਅਤੇ ਗੁਰਿੰਦਰ ਸਿੰਘ ਕਿਰਤੋਵਾਲ ਨੂੰ ਕੌਮੀ ਜਰਨਲ ਸਕੱਤਰ, ਬਲਦੇਵ ਸਿੰਘ ਸੰਧੂ ਅਤੇ ਸੁਖਜਿੰਦਰ ਸਿੰਘ ਸੁਖੀ ਅੱਜਨੋਦ ਨੂੰ ਕੌਮੀ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਨਦੀਪ ਸਿੰਘ ਬਾਜਵਾ ਨੂੰ ਜੁਆਇੰਟ ਸਕੱਤਰ, ਮਲਵਿੰਦਰ ਸਿੰਘ ਨੂੰ ਪ੍ਰਚਾਰ ਸੱਕਤਰ ਤੇ ਹਰਪਾਲ ਸਿੰਘ ਸਾਬਕਾ ਸਰਪੰਚ ਨੂੰ ਜਥੇਬੰਦਕ ਸਕੱਤਰ ਚੁਣਿਆ ਗਿਆ।