ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 23 ਜਨਵਰੀ
ਪਿੰਡ ਡੱਲਾ ਦਾ ਕੋਈ ਨਿਵਾਸੀ ਅੱਜ ਤੱਕ ਭਾਵੇਂ ਵਿਧਾਇਕ ਤਾਂ ਨਹੀਂ ਬਣਿਆ ਪਰ ਅੱਜ ਇਸ ਪਿੰਡ ਨੂੰ ਵਿਧਾਨ ਸਭਾ ਚੋਣਾਂ ਲਈ ਦੋ ਉਮੀਦਵਾਰ ਦੇਣ ਦਾ ਮਾਣ ਹਾਸਲ ਜ਼ਰੂਰ ਹੋਇਆ ਹੈ। ਇਕ ਉਮੀਦਵਾਰ ਪਰਵਾਰ ਸਿੰਘ ਡੱਲਾ ਨੂੰ ਅਕਾਲੀ ਦਲ (ਅੰਮ੍ਰਿਤਸਰ) ਨੇ ਜਦਕਿ ਕੁਲਦੀਪ ਸਿੰਘ ਡੱਲਾ ਨੂੰ ਕਿਸਾਨਾਂ ਵੱਲੋਂ ਬਣਾਏ ਸੰਯੁਕਤ ਸਮਾਜ ਮੋਰਚਾ ਨੇ ਟਿਕਟ ਦਿੱਤੀ ਹੈ। ਇਕ ਪਿੰਡ ਦੇ ਹੋਣ ਤੋਂ ਇਲਾਵਾ ਇਹ ਵੀ ਇਤਫਾਕ ਹੈ ਕਿ ਐਲਾਨੇ ਗਏ ਦੋਵੇਂ ਉਮੀਦਵਾਰ ਇਕੋ ਖੇਤਰ ਨਾਲ ਜੁੜੇ ਹੋਏ ਹਨ ਤੇ ਉਹ ਧਾਰਮਿਕ ਖੇਤਰ ਤੋਂ ਹਨ। ਇਨ੍ਹਾਂ ’ਚੋਂ ਇਕ ਉਮੀਦਵਾਰ ਕਵੀਸ਼ਰ ਹੈ ਜਦਕਿ ਦੂਸਰਾ ਕੀਰਤਨ ਕਰਨ ਵਾਲਾ ਰਾਗੀ ਸਿੰਘ। ਸੰਯੁਕਤ ਸਮਾਜ ਮੋਰਚਾ ਵੱਲੋਂ ਐਤਵਾਰ ਨੂੰ ਐਲਾਨੇ ਹੋਰ ਉਮੀਦਵਾਰਾਂ ’ਚ 38 ਸਾਲਾ ਨੌਜਵਾਨ ਕੁਲਦੀਪ ਸਿੰਘ ਡੱਲਾ ਦਾ ਨਾਂ ਸ਼ਾਮਲ ਹੈ ਜਿਸ ਨੂੰ ਰਾਖਵਾਂ ਹਲਕਾ ਜਗਰਾਉਂ ਤੋਂ ਟਿਕਟ ਦਿੱਤੀ ਗਈ ਹੈ। ਸੂਚੀ ’ਚ ਉਸ ਦਾ ਨਾਂ ਆਉਣ ’ਤੇ ਬਹੁਤਿਆਂ ਨੂੰ ਹੈਰਾਨੀ ਵੀ ਹੋਈ ਅਤੇ ਸਿਆਸਤ ’ਚ ਸਰਗਰਮ ਆਗੂ ਕਨਸੋਅ ਲੈਂਦੇ ਰਹੇ। ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਨੂੰ ਟਿਕਟ ਦਿਵਾਉਣ ’ਚ ਸ੍ਰੀ ਅਕਾਲ ਤਖਤ ਸਾਹਿਬ ਦੇ ਇਕ ਸਾਬਕਾ ਜਥੇਦਾਰ ਦੀ ਪ੍ਰਮੁੱਖ ਭੂਮਿਕਾ ਰਹੀ ਹੈ। ਸੰਪਰਕ ਕਰਨ ’ਤੇ ਕੁਲਦੀਪ ਸਿੰਘ ਨੇ ਕਿਹਾ ਕਿ ਭਾਵੇਂ ਉਹ ਰਾਗੀ ਹੈ ਪਰ ਸਮੇਂ ਸਮੇਂ ’ਤੇ ਦਿੱਲੀ ਅੰਦੋਲਨ ’ਚ ਸ਼ਮੂਲੀਅਤ ਕਰਦਾ ਰਿਹਾ ਹੈ। ਸੰਯੁਕਤ ਸਮਾਜ ਮੋਰਚਾ ਦਾ ਧੰਨਵਾਦ ਕਰਦਿਆਂ ਉਸਨੇ ਦੱਸਿਆ ਕਿ ਟਿਕਟ ਲਈ ਅਰਜ਼ੀ ਦਿੱਤੀ ਅਤੇ ਹੁਣ ਟਿਕਟ ਮਿਲਣ ’ਤੇ ਉਹ ਲੋਕਾਂ ਤੱਕ ਵੋਟਾਂ ਲਈ ਪਹੁੰਚ ਕਰੇਗਾ। ਉਸ ਨੇ ਰਵਾਇਤੀ ਸਿਆਸਤ ’ਚ ਬਦਲਾਅ ਲਈ ਸੰਯੁਕਤ ਸਮਾਜ ਮੋਰਚਾ ਦੇ ਹੱਥ ਮਜਬੂਤ ਕਰਨ ਦੀ ਅਪੀਲ ਕੀਤੀ। ਇਸੇ ਤਰ੍ਹਾਂ 50 ਸਾਲਾ ਪਰਵਾਰ ਸਿੰਘ ਡੱਲਾ ਨੂੰ ਅਕਾਲੀ ਦਲ (ਅੰਮ੍ਰਿਤਸਰ) ਨੇ ਉਮੀਦਵਾਰ ਬਣਾਇਆ ਹੈ। ਸਾਰੀ ਜ਼ਿੰਦਗੀ ਮਾਨ ਦਲ ਨਾਲ ਜੁੜੇ ਰਹੇ ਮਰਹੂਮ ਜਥੇਦਾਰ ਤਰਲੋਕ ਸਿੰਘ ਡੱਲਾ ਦੇ ਗ੍ਰਹਿ ਵਿਖੇ ਪਰਵਾਰ ਸਿੰਘ ਡੱਲਾ ਦਾ ਸਿਰੋਪਾ ਪਾ ਕੇ ਸਨਮਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਹ ਕਵੀਸ਼ਰੀ ਜਥੇ ਤੇ ਅਕਾਲੀ ਦਲ (ਅ) ਨਾਲ ਜੁੜਿਆ ਹੋਇਆ ਹੈ। ਇਕ ਪਿੰਡ ’ਚ ਵਿਧਾਨ ਸਭਾ ਲਈ ਦੋ ਉਮੀਦਵਾਰ ਹੋਣ ’ਤੇ ਪਿੰਡ ਦੀ ਵੋਟ ਦਾ ਵੰਡਿਆ ਜਾਣਾ ਸੁਭਾਵਿਕ ਹੈ ਕਿਉਂਕਿ ਉਕਤ ਦੋਹਾਂ ਉਮੀਦਵਾਰਾਂ ਤੋਂ ਇਲਾਵਾ ਦੂਜੀਆਂ ਪਾਰਟੀਆਂ ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ, ਭਾਜਪਾ ਦੇ ਉਮੀਦਵਾਰ ਵੀ ਇਸ ਪਿੰਡ ’ਚੋਂ ਵੋਟ ਲੈ ਕੇ ਜਾਣਗੇ। ਜਾਣਕਾਰੀ ਅਨੁਸਾਰ ਪਿੰਡ ਦੀ 3600 ਦੇ ਕਰੀਬ ਵੋਟ ਹੈ ਜਿਸ ’ਚੋਂ ਤਿੰਨ ਹਜ਼ਾਰ ਤੋਂ ਘੱਟ ਪੋਲ ਹੁੰਦੀ ਹੈ। ਇਸ ’ਚੋਂ ਹੁਣ ਪਿੰਡ ਦੇ ਇਹ ਦੋਵੇਂ ਉਮੀਦਵਾਰ ਕਿੰਨੀ ਵੋਟ ਲੈ ਕੇ ਜਾਣਗੇ ਇਹ ਦੇਖਣਾ ਦਿਲਚਸਪ ਹੋਵੇਗਾ।