ਖੇਤਰੀ ਪ੍ਰਤੀਨਿਧ
ਲੁਧਿਆਣਾ, 14 ਮਾਰਚ
ਤਰਕਸ਼ੀਲ ਸੁਸਾਇਟੀ ਪੰਜਾਬ (ਇਕਾਈ ਲੁਧਿਆਣਾ) ਦੀ ਮੀਟਿੰਗ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿੱਚ ਬਲਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜ਼ੋਨ ਮੁੱਖੀ ਜਸਵੰਤ ਜੀਰਖ ਅਤੇ ਵਿੱਤ ਮੁੱਖੀ ਆਤਮਾ ਸਿੰਘ ਵੱਲੋਂ ਜ਼ੋਨ ਵਿੱਚ ਪਾਸ ਕੀਤੇ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਲਈ ‘ਖੇਤੀ ਕਾਨੂੰਨ , ਸੰਘਰਸ਼ ਅਤੇ ਵਿਗਿਆਨਿਕ ਚੇਤਨਾ’ ਨਾਂ ਦੀ ਕਿਤਾਬ, ਜੋ ਤਰਕਸ਼ੀਲ ਸੁਸਾਇਟੀ ਵੱਲੋਂ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀ ਗਈ ਹੈ, ਨੂੰ ਲੁਧਿਆਣਾ ਦੇ ਵੱਖ-ਵੱਖ ਟੌਲ ਪਲਾਜ਼ਿਆਂ ਅਤੇ ਮਾਲਾਂ ਅੱਗੇ ਲੱਗੇ ਕਿਸਾਨ ਮੋਰਚਿਆਂ ’ਤੇ ਮੁਫ਼ਤ ਵੰਡਣ ਬਾਰੇ ਜਾਣਕਾਰੀ ਦਿੱਤੀ। ਇਸ ਦੀ ਵੰਡ ਬਾਰੇ ਲੁਧਿਆਣਾ ਦੇ ਆਸ-ਪਾਸ ਲਹਿਰਾ ਟੌਲ ਪਲਾਜ਼ਾ, ਖੁਸ਼ਕ ਬੰਦਰਗਾਹ ਜਾਣੀ ਜਾਂਦੀ ਕਿੱਲਾ ਰਾਏਪੁਰ, ਐੱਮਡੀ ਮਾਲ ਅਤੇ ਲਾਢੋਵਾਲ ਟੌਲ ’ਤੇ ਲੱਗੇ ਕਿਸਾਨ ਧਰਨਿਆਂ ਵਿੱਚ 17 ਮਾਰਚ ਤੋਂ ਇਹ ਕਿਤਾਬ ਵੰਡਣ ਦਾ ਪ੍ਰੋਗਰਾਮ ਤੈਅ ਕੀਤਾ ਗਿਆ। ਇਸ ਕੰਮ ਲਈ ਜਸਵੰਤ ਜੀਰਖ, ਸਤੀਸ਼ ਸੱਚਦੇਵਾ, ਬਲਵਿੰਦਰ ਸਿੰਘ ਤੇ ਆਤਮਾ ਸਿੰਘ ਉਪਰੋਕਤ ਧਰਨਿਆਂ ਵਿੱਚ ਜਾ ਕੇ ਤਰਕਸ਼ੀਲ ਸੁਸਾਇਟੀ ਦੇ ਪੱਖ ਤੋਂ ਜਾਣਕਾਰੀ ਦੇਣਗੇ। ਮੀਟਿੰਗ ਵਿੱਚ ਲੁਧਿਆਣਾ ਵਿੱਚ 23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿੱਚ ਵੀ ਪ੍ਰੋਗਰਾਮ ਕਰਨ ਬਾਰੇ ਤਹਿ ਕੀਤਾ ਗਿਆ। ਸੁਸਾਇਟੀ ਦੀ ਨਵੀਂ ਮੈਂਬਰਸ਼ਿੱਪ ਕਰਕੇ 28 ਮਾਰਚ ਨੂੰ ਨਵੇਂ ਅਹੁਦੇਦਾਰਾਂ ਦੀ ਚੋਣ ਕਰਨ ਦਾ ਵੀ ਫੈਸਲਾ ਲਿਆ ਗਿਆ। ਤਰਕਸ਼ੀਲ ਮੈਗਜ਼ੀਨ ਦਾ ਨਵਾਂ ਮਾਰਚ- ਅਪਰੈਲ ਅੰਕ ਵੀ ਇਸ ਸਮੇਂ ਜਾਰੀ ਕੀਤਾ ਗਿਆ।