ਖੇਤਰੀ ਪ੍ਰਤੀਨਿਧ
ਲੁਧਿਆਣਾ, 21 ਫਰਵਰੀ
ਇੱਥੇ ਲੱਗੇ ਬਿਨਾ ਨਾਵਾਂਂ ਵਾਲੇ ਚਾਰ ਨੀਂਹ ਪੱਥਰ ਰਾਹਗੀਰਾਂ ਦੇ ਮਨਾਂ ’ਚ ਕਈ ਤਰ੍ਹਾਂ ਦੇ ਸਵਾਲ ਪੈਦਾ ਕਰ ਰਹੇ ਹਨ। ਇਸ ਹਲਕੇ ਵਿੱਚ ਚੱਲ ਰਹੇ ਕਈ ਪ੍ਰਾਜੈਕਟ ਹੁਣ ਸੂਬੇ ਵਿੱਚ ਆਉਣ ਵਾਲੀ ਨਵੀਂ ਸਰਕਾਰ ਦੇ ਕਾਰਜਕਾਲ ਵਿੱਚ ਹੀ ਪੂਰੇ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ, ਸਥਾਨਕ ਲੋਕ ਇਨ੍ਹਾਂ ਬੇਨਾਮੇ ਨੀਂਹ ਪੱਥਰਾਂ ਬਾਰੇ ਸਵਾਲ ਕਰ ਰਹੇ ਹਨ।
ਸਥਾਨਕ ਵਿਧਾਨ ਸਭਾ ਹਲਕਾ ਪੂਰਬੀ ਵਿੱਚ ਪਿਛਲੇ ਸਾਲਾਂ ਦੌਰਾਨ ਕਈ ਨਵੇਂ ਪ੍ਰਾਜੈਕਟ ਸ਼ੁਰੂ ਹੋਏ। ਇਨ੍ਹਾਂ ਵਿੱਚੋਂ ਸਰਕਾਰੀ ਕਾਲਜ ਅਤੇ ਵਰਧਮਾਨ ਮਿੱਲ੍ਹ ਪਿੱਛੇ ਬਣ ਰਿਹਾ ਸਰਕਾਰੀ ਸਕੂਲ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਹੁਣ ਇਸ ਥਾਂ ਦੇ ਨੇੜੇ ਹੀ ਕਈ ਹੋਰ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ ਪਰ ਇਨ੍ਹਾਂ ਦੇ ਨੇੜੇ ਹੀ ਚਾਰ ਵੱਡੇ ਬਿਨਾਂ ਨਾਂ ਵਾਲੇ ਨੀਂਹ ਪੱਥਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਨ੍ਹਾਂ ਪੱਥਰਾਂ ਨੇੜੇ ਹੀ ਮੀਟ ਦੀ ਰੇੜ੍ਹੀ ਲਾਉਂਦੇ ਪ੍ਰਵੀਨ ਕੁਮਾਰ ਨਾਂ ਦੇ ਨੌਜਵਾਨ ਨੇ ਦੱਸਿਆ ਕਿ ਇੱਥੇ ਪਹਿਲਾਂ ਨੀਂਹ ਪੱਥਰ ਰੱਖਣ ਵਾਲਿਆਂ ਦੇ ਨਾਂ ਲਿਖੇ ਗਏ ਸਨ ਪਰ ਹੁਣ ਉਤਾਰ ਲਏ ਗਏ ਹਨ। ਉਸ ਨੇ ਦੱਸਿਆ ਕਿ ਇੱਥੇ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਲਈ ਸਰਕਾਰੀ ਸਕੂਲ, ਕੂੜਾ ਪ੍ਰਬੰਧਨ ਲਈ ਕੰਪੈਕਟਰ ਸ਼ੈੱਡ, ਕੰਮਿਊਨਟੀ ਸੈਂਟਰ, ਸਿਲਾਈ ਸੈਂਟਰ, ਬਿਰਧ ਆਸ਼ਰਮ ਅਤੇ ਭਗਤ ਰਵਿਦਾਸ ਭਵਨ ਬਣਾਇਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਦੀ ਆਲੀਸ਼ਾਨ ਇਮਾਰਤ ਦਾ ਲਗਭਗ 80 ਫ਼ੀਸਦ ਕੰਮ ਪੂਰਾ ਹੋ ਚੁੱਕਾ ਹੈ, ਕੰਪੈਕਟਰ ਵਾਲਾ ਸ਼ੈੱਡ ਵੀ ਤਿਆਰ ਹੋ ਗਿਆ ਹੈ। ਕੰਮਿਊਨਟੀ ਸੈਂਟਰ ਦੀ ਉਸਾਰੀ ਕਰਦੇ ਕਰਿੰਦਿਆਂ ਦੇ ਸੁਪਰਵਾਈਜ਼ਰ ਨੇ ਦੱਸਿਆ ਕਿ ਇੱਥੇ ਸਿਲਾਈ ਸੈਂਟਰ ਦੇ ਨਾਲ ਨਾਲ ਬਿਰਧ ਆਸ਼ਰਮ ਬਣਾਇਆ ਜਾਵੇਗਾ। ਫ਼ਿਲਹਾਲ ਉਸ ਦੀਆਂ ਨੀਂਹਾਂ ਅਤੇ ਆਲੇ-ਦੁਆਲੇ ਦੀਆਂ ਕੰਧਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਦੱਸਣਯੋਗ ਹੈ ਕਿ ਪਹਿਲਾਂ ਇਸ ਥਾਂ ਦੇ ਵੱਡਾ ਛੱਪੜ ਅਤੇ ਡੂੰਘੇ ਟੋਏ ਸਨ। ਇਨ੍ਹਾਂ ਇਮਾਰਤਾਂ ਦੇ ਬਣਨ ਨਾਲ ਇਸ ਹਲਕੇ ਦੀ ਕਾਇਆ ਕਲਪ ਹੋਣ ਦੀ ਸੰਭਾਵਨਾ ਬਣ ਗਈ ਹੈ।