ਸਤਵਿੰਦਰ ਬਸਰਾ
ਲੁਧਿਆਣਾ, 21 ਮਾਰਚ
ਸਥਾਨਕ ਬਾਬਾ ਜਸਵੰਤ ਸਿੰਘ ਡੈਂਟਲ ਕਾਲਜ, ਹਸਪਤਾਲ ਅਤੇ ਰਿਸਰਚ ਇੰਸਟੀਚਿਊਟ ਵਿੱਚ ਜਵਾਲਾ ਸਿੰਘ ਯਾਦਗਾਰੀ ਸਾਲਾਨਾ ਖੇਡਾਂ ਕਰਵਾਈਆਂ ਗਈਆਂ। ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾ. ਬਾਬਾ ਅਨਹਦ ਰਾਜ ਸਿੰਘ ਅਤੇ ਸਾਬਕਾ ਚੀਫ ਸਕੱਤਰ ਪੰਜਾਬ ਤੇ ਕਮੇਟੀ ਦੇ ਮੈਂਬਰ ਗੁਰਪ੍ਰਤਾਪ ਸਿੰਘ ਸਾਹੀ ਨੇ ਇਨਾਮ ਵੰਡ ਸਮਾਗਮ ਵਿੱਚ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਦੇ ਸਾਲਾਨਾ ਖੇਡ ਸਮਾਗਮ ਵਿੱਚ ਅਨਰੀਤ ਕੌਰ ਨੂੰ ‘ਸਮਰਵੀਰ ਸਿੰਘ ਉੱਤਮ ਖਿਡਾਰੀ ਪੁਰਸਕਾਰ’ ਨਾਲ ਸਨਮਾਨਿਆ ਗਿਆ।
ਬਾਬਾ ਅਨਹਦ ਰਾਜ ਸਿੰਘ ਨੇ ਕਿਹਾ ਕਿ ਖੇਡਾਂ ਦਾ ਮਨੁੱਖੀ ਜੀਵਨ ਵਿੱਚ ਅਹਿਮ ਸਥਾਨ ਹੈ। ਤੰਦਰੁਸਤ ਸਰੀਰ ਵਿੱਚ ਹੀ ਸਿਹਤਮੰਦ ਦਿਮਾਗ ਦੀ ਕਲਪਨਾ ਕੀਤੀ ਜਾ ਸਕਦੀ ਹੈ। ਚੇਅਰਮੈਨ ਬਾਬਾ ਅਨਹਦ ਨੇ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਡਾਕਟਰਾਂ, ਨਾਨ-ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ ਨੂੰ ‘ਸਮਰਵੀਰ ਸਿੰਘ ਸਾਹੀ ਉੱਤਰ ਖਿਡਾਰੀ ਪੁਰਸਕਾਰ’ ਦੇ ਕੇ ਸਨਮਾਨਿਆ ਗਿਆ। ਇਹ ਪੁਰਸਕਾਰ ਸਾਬਕਾ ਚੀਫ ਸਕੱਤਰ ਗੁਰਪ੍ਰਤਾਪ ਸਿੰਘ ਸਾਹੀ ਦੇ ਪੁੱਤਰ ਸਮਰਵੀਰ ਸਿੰਘ ਸਾਹੀ ਦੀ ਯਾਦ ਵਿੱਚ ਦਿੱਤਾ ਜਾਂਦਾ ਹੈ।
ਕਾਲਜ ਪ੍ਰਿੰਸੀਪਲ ਡਾ. ਦਮਨਪ੍ਰੀਤ ਕੌਰ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਸਾਰੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਖੇਡ ਮੇਲੇ ਵਿੱਚ ਕ੍ਰਿਕਟ, ਥ੍ਰੋ-ਬਾਲ, ਵਾਲੀਬਾਲ, ਚੈੱਸ, ਕੈਰਮਬੋਰਡ ਆਦਿ ਮੁਕਾਬਲੇ ਕਰਵਾਏ ਗਏ। ਇਨਾਮ ਵੰਡ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਗਿੱਧੇ ਅਤੇ ਭੰਗੜੇ ਦੀ ਪੇਸ਼ਕਾਰੀ ਰਾਹੀਂ ਚੰਗਾ ਰੰਗ ਬੰਨ੍ਹਿਆ।