ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 17 ਸਤੰਬਰ
ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲੀਸ (ਏਡੀਜੀਪੀ) ਅਮਰਦੀਪ ਸਿੰਘ ਰਾਏ ਦੀ ਅਗਵਾਈ ਹੇਠ ਅੱਜ ਪੁਲੀਸ ਜ਼ਿਲ੍ਹਾ ਖੰਨਾ ਵਿਚ ਨਸ਼ਾ ਤਸਕਰਾ ਖ਼ਿਲਾਫ਼ ਸਰਚ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰੇ ਗਏ। ਪੁਲੀਸ ਵਲੋਂ ਅੱਜ ਨੇੜਲੇ ਪਿੰਡ ਮਾਣੇਵਾਲ ਅਤੇ ਸ਼ਹਿਰ ਦੀ ਇੰਦਰਾ ਕਲੋਨੀ ’ਚ ਮੁਕੰਮਲ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਦੇ ਘਰਾਂ ’ਚ ਤਲਾਸ਼ੀ ਲਈ ਗਈ। ਇਸ ਸਰਚ ਮੁਹਿੰਮ ਟੀਮ ਦੀ ਅਗਵਾਈ ਕਰ ਰਹੇ ਏਡੀਜੀਪੀ ਏ.ਐੱਸ. ਰਾਏ ਨੇ ਦੱਸਿਆ ਕਿ ਨਸ਼ਿਆਂ ਦੀ ਰੋਕਥਾਮ ਲਈ ਇਹ ਮੁੁਹਿੰਮ ਚਲਾਈ ਗਈ ਹੈ। ਘਰ-ਘਰ ਜਾ ਕੇ ਤਲਾਸ਼ੀ ਲਈ ਜਾ ਰਹੀ ਹੈ ਅਤੇ ਜੇਕਰ ਕਿਤੇ ਵੀ ਕੋਈ ਨਸ਼ਾ ਜਾਂ ਇਤਰਾਜ਼ਯੋਗ ਵਸਤੂ ਮਿਲਦੀ ਹੈ ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਏਡੀਜੀਪੀ ਰਾਏ ਨੇ ਦੱਸਿਆ ਕਿ ਨਸ਼ਾ ਤਸਕਰੀ ਨੂੰ ਰੋਕਣ ਲਈ ਹਰੇਕ ਵਰਗ ਦਾ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੁਲਸ ਵਲੋਂ ਨਸ਼ਾ ਵੇਚਣ ਵਾਲਿਆਂ ਤੋਂ ਇਲਾਵਾ ਜੋ ਇਨ੍ਹਾਂ ਨੂੰ ਵੱਡੇ ਤਸਕਰ ਨਸ਼ਾ ਸਪਲਾਈ ਕਰਦੇ ਹਨ ਉਨ੍ਹਾਂ ’ਤੇ ਵੀ ਸਿਕੰਜ਼ਾ ਕਸਿਆ ਜਾ ਰਿਹਾ ਹੈ ਅਤੇ ਅਜਿਹੇ ਸਮਾਜ ਵਿਰੋਧੀ ਅਨਸਰਾਂ ਦੀਆਂ ਜਾਇਦਾਦਾਂ ਵੀ ਜ਼ਬਤ ਕੀਤੀਆਂ ਜਾ ਰਹੀਆਂ ਹਨ। ਪੰਜਾਬ ਵਿਚ ਵਧ ਰਹੇ ਗੈਂਗਸਟਰ ਅਤੇ ਲੋਕਾਂ ਨੂੰ ਧਮਕੀ ਭਰੇ ਆ ਰਹੇ ਫੋਨਾਂ ਸਬੰਧੀ ਏਡੀਜੀਪੀ ਨੇ ਕਿਹਾ ਕਿ ਪੁਲੀਸ ਵਲੋਂ ਇਸ ਸਬੰਧੀ ਵੱਖਰਾ ਵਿੰਗ ਬਣਾਇਆ ਗਿਆ ਹੈ ਜੋ ਗੈਂਗਸਟਰਾਂ ਨੂੰ ਨੱਥ ਪਾ ਰਿਹਾ ਹੈ।
ਰਾਏਕੋਟ (ਨਿੱਜੀ ਪੱਤਰ ਪ੍ਰੇਰਕ): ਨਸ਼ਿਆਂ ਖ਼ਿਲਾਫ਼ ਮੁਹਿੰਮ ਤਹਿਤ ਲੁਧਿਆਣਾ (ਦਿਹਾਤੀ) ਪੁਲੀਸ ਵੱਲੋਂ ਰਾਏਕੋਟ ਸਬ-ਡਵੀਜ਼ਨ ਦੇ ਕਰੀਬ ਅੱਧੀ ਦਰਜਨ ਪਿੰਡਾਂ ਵਿਚ ਚਲਾਈ ਮੁਹਿੰਮ ਦੌਰਾਨ ਚੋਣਵੇਂ ਘਰਾਂ ਦੀ ਤਲਾਸ਼ੀ ਕੀਤੀ ਗਈ। ਪ੍ਰਭਜੋਤ ਕੌਰ ਉਪ ਪੁਲਿਸ ਕਪਤਾਨ ਰਾਏਕੋਟ ਅਤੇ ਪ੍ਰਦੀਪ ਸਿੰਘ ਸੰਧੂ ਉਪ ਪੁਲਿਸ ਕਪਤਾਨ (ਔਰਤਾਂ ਅਤੇ ਬੱਚਿਆਂ ਵਿਰੁੱਧ ਅਪਰਾਧ ਰੋਕੂ ਸ਼ਾਖਾ ਜਗਰਾਉਂ) ਦੀ ਅਗਵਾਈ ਵਿਚ ਥਾਣਾ ਸਦਰ ਰਾਏਕੋਟ ਦੇ ਪਿੰਡ ਨੂਰਪੁਰਾ, ਬੁਰਜ ਹਰੀ ਸਿੰਘ, ਥਾਣਾ ਰਾਏਕੋਟ (ਸ਼ਹਿਰੀ) ਦੀਆਂ ਕਈ ਬਸਤੀਆਂ ਅਤੇ ਝੁੱਗੀ-ਝੌਂਪੜੀ ਇਲਾਕਿਆਂ ਤੋਂ ਇਲਾਵਾ ਥਾਣਾ ਹਠੂਰ ਦੇ ਪਿੰਡ ਮੱਲ੍ਹਾ ਅਤੇ ਲੱਖਾ ਆਦਿ ਪਿੰਡਾਂ ਵਿਚ ਚੋਣਵੇਂ ਘਰਾਂ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ।
ਬਿੱਲਾਂ ਵਾਲੀ ਛੱਪੜੀ ਵਿੱਚ ਅਕਾਲੀ ਕੌਂਸਲਰ ਕਾਲੀਰਾਓ ਦੇ ਘਰ ਵੀ ਛਾਪਾ
ਖੰਨਾ (ਨਿੱਜੀ ਪੱਤਰ ਪ੍ਰੇਰਕ): ਅੱਜ ਤੜਕੇ ਭਾਰੀ ਪੁਲੀਸ ਫੋਰਸ ਨੇ ਏਡੀਜੀਪੀ ਅਮਰਦੀਪ ਸਿੰਘ ਰਾਏ ਅਤੇ ਐੱਸਐੱਸਪੀ ਦਿਆਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਦੀ ਅਗਵਾਈ ਹੇਠ ਖੰਨਾ ਦੇ ਨਾਮਵਰ ਇਲਾਕੇ ਬਿੱਲਾਂ ਵਾਲੀ ਛੱਪੜੀ ਵਿੱਚ ਛਾਪਾ ਮਾਰਿਆ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਮੁੱਖ ਤੌਰ ’ਤੇ ਅਕਾਲੀ ਕੌਂਸਲਰ ਸਰਬਜੀਤ ਸਿੰਘ ਕਾਲੀਰਾਓ ਦੇ ਘਰ ਦੀ ਵੀ ਤਲਾਸ਼ੀ ਲਈ ਗਈ। ਦੂਜੇ ਪਾਸੇ ਕੌਂਸਲਰ ਕਾਲੀਰਾਓ ਨੇ ਦੋਸ਼ ਲਾਇਆ ਕਿ ਹਲਕੇ ਦੇ ‘ਆਪ’ ਵਿਧਾਇਕ ਦੇ ਦਬਾਅ ਕਾਰਨ ਉਨ੍ਹਾਂ ਦੇ ਘਰ ਛਾਪਾ ਮਾਰਿਆ ਗਿਆ ਹੈ।