ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 3 ਜੁਲਾਈ
ਐਂਟੀ ਨਾਰਕੋਟਿਕ ਸੈੱਲ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇੰਸਪੈਕਟਰ ਸਤਵੰਤ ਸਿੰਘ ਨੇ ਦੱਸਿਆ ਕਿ ਥਾਣੇਦਾਰ ਸਤਨਾਮ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਸੰਤ ਰਾਮ ਸੇਠੀ ਚੌਕ ਜੈਮਲ ਰੋਡ ’ਤੇ ਗਸ਼ਤ ਦੌਰਾਨ ਮੌਜੂਦ ਸੀ ਤਾਂ ਭਗਵਾਨ ਚੌਕ ਵੱਲੋਂ ਪੈਦਲ ਹੀ ਕਬੀਰ ਦਾਸ ਵਾਸੀ ਦਸਮੇਸ਼ ਨਗਰ ਧੂਰੀ ਲਾਈਨ ਆ ਰਿਹਾ ਸੀ। ਸ਼ੱਕ ਦੀ ਬਿਨਾਅ ’ਤੇ ਰੋਕ ਕੇ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 2 ਕਿੱਲੋ 700 ਗ੍ਰਾਮ ਅਫ਼ੀਮ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛ ਪੜਤਾਲ ਉਸ ਨੇ ਦੱਸਿਆ ਹੈ ਕਿ ਉਹ ਇਹ ਅਫ਼ੀਮ ਬਾਹਰੋਂ ਸਸਤੇ ਭਾਅ ਤੇ ਲਿਆ ਕੇ ਇੱਥੇ ਮਹਿੰਗੇ ਭਾਅ ਤੇ ਵੇਚਦਾ ਹੈ। ਥਾਣੇਦਾਰ ਸਤਨਾਮ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਮੁਲਜ਼ਮ ਤੋਂ ਹੋਰ ਪੁੱਛ ਪੜਤਾਲ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਰਿਮਾਂਡ ਦੌਰਾਨ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ।
ਮੰਡੀ ਅਹਿਮਦਗੜ੍ਹ/ਜਗਰਾਉਂ (ਪੱਤਰ ਪ੍ਰੇਰਕ): ਥਾਣਾ ਹਠੂਰ ਦੀ ਪੁਲੀਸ ਨੇ ਫੇਰੂਰਾਈ ਪਿੰਡ ਦੇ ਦੋ ਭਰਾਵਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 1050 ਗ੍ਰਾਮ ਅਫੀਮ ਅਤੇ 4.12 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਬਲਵੀਰ ਸਿੰਘ ਅਤੇ ਜਸਵੀਰ ਸਿੰਘ ਵਜੋਂ ਕੀਤੀ ਗਈ ਹੈ। ਰਾਏਕੋਟ ਡੀਐੱਸਪੀ ਰਾਜਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਐੱਸਐੱਚਓ ਹਠੂਰ ਨੂੰ ਸੂਹ ਮਿਲੀ ਸੀ ਕਿ ਬਲਵੀਰ ਸਿੰਘ ਤੇ ਉਸ ਦਾ ਭਰਾ ਜਸਵੀਰ ਸਿੰਘ ਝਾਰਖੰਡ ਤੋਂ ਨਸ਼ੀਲੇ ਪਦਾਰਥ ਲਿਆ ਕੇ ਸਪਲਾਈ ਕਰਨ ਦਾ ਧੰਦਾ ਕਰਦੇ ਹਨ ਤੇ ਬੀਤੇ ਦਿਨੀਂ ਉਹ ਇੱਕ ਖੇਪ ਲੈ ਕੇ ਝਾਰਖੰਡ ਤੋਂ ਚੱਲੇ ਸਨ। ਹਠੂਰ ਪੁਲੀਸ ਨੇ ਦੋਵਾਂ ਵਿਰੁੱਧ ਪਰਚਾ ਦਰਜ ਕਰਕੇ ਸ਼ਨਿਚਰਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਦੋਵੇਂ ਮੁਲਜ਼ਮਾਂ ਨੂੰ ਵੱਖ ਵੱਖ ਥਾਵਾਂ ਤੋਂ ਕਾਬੂ ਕੀਤਾ। ਡੀਐੱਸਪੀ ਰਾਜਵਿੰਦਰ ਦੀ ਹਾਜ਼ਰੀ ਵਿੱਚ ਲਈ ਗਈ ਤਲਾਸ਼ੀ ਦੌਰਾਨ ਬਲਵੀਰ ਸਿੰਘ ਕੋਲੋਂ 950 ਗ੍ਰਾਮ ਅਫੀਮ ਅਤੇ 3.60 ਲੱਖ ਰੁਪਏ ਡਰੱਗ ਮਨੀ ਦੇ ਬਰਾਮਦ ਕੀਤੇ ਗਏ ਅਤੇ ਉਸ ਤੋਂ ਪ੍ਰਾਪਤ ਸੂਚਨਾ ਦੇ ਅਧਾਰ ’ਤੇ ਜਸਵੀਰ ਸਿੰਘ ਕੋਲੋਂ 100 ਗ੍ਰਾਮ ਅਫੀਮ ਤੇ 52,000 ਹਜ਼ਾਰ ਰੁਪਏ ਨਕਦ ਬਰਾਮਦ ਕੀਤੇ ਗਏ।