ਖੇਤਰੀ ਪ੍ਰਤੀਨਿਧ
ਲੁਧਿਆਣਾ, 28 ਅਗਸਤ
ਇੱਥੇ ਅੱਜ ਪਬਲਿਕ ਐਕਸ਼ਨ ਕਮੇਟੀ ਫਾਰ ਸਤਲੁਜ, ਮੱਤੇਵਾੜਾ ਅਤੇ ਬੁੱਢਾ ਦਰਿਆ (ਪੀਏਸੀ) ਦੇ ਮੈਂਬਰਾਂ ਨੇ ਇੱਕ ਮੀਟਿੰਗ ਕੀਤੀ, ਜਿਸ ਵਿੱਚ ਚਮਕੌਰ ਸਾਹਿਬ ਨੇੜੇ ਲਗਾਈ ਜਾ ਰਹੀ ਰੁਚਿਰਾ ਪੇਪਰ ਮਿੱਲ ਵਿਰੁੱਧ ਕੀਤੇ ਜਾ ਰਹੇ ਅੰਦੋਲਨ ਦੀ ਹਮਾਇਤ ਕਰਨ ਸਬੰਧੀ ਮਤਾ ਪਾਸ ਕੀਤਾ ਗਿਆ। ਮੈਂਬਰਾਂ ਦਾ ਵਿਚਾਰ ਸੀ ਕਿ ਸੂਬੇ ਦੀਆਂ ਨਦੀਆਂ ਤੇ ਧਰਤੀ ਹੇਠਲਾ ਪਾਣੀ ਪਹਿਲਾਂ ਹੀ ਬੇਹੱਦ ਦੂਸ਼ਿਤ ਹੋ ਚੁੱਕਾ ਹੈ ਅਤੇ ਸਰਕਾਰ ਨੂੰ ਹੁਣ ਤੋਂ ਸੂਬੇ ਵਿੱਚ ਸਿਰਫ਼ ਪ੍ਰਦੂਸ਼ਣ ਰਹਿਤ ਅਤੇ ਉੱਚ ਮਿਆਰ ਵਾਲੇ ਉਦਯੋਗਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।
ਪੀਏਸੀ ਦੇ ਆਗੂ ਕਰਨਲ ਸੀ.ਐੱਮ. ਲਖਨਪਾਲ ਨੇ ਕਿਹਾ, ‘‘ਅਸੀਂ ਪੰਜਾਬ ਵਿੱਚ ਆ ਰਹੇ ਕਿਸੇ ਵੀ ਪ੍ਰਦੂਸ਼ਣ ਫੈਲਾਉਣ ਵਾਲੇ ਉਦਯੋਗ ਖ਼ਿਲਾਫ਼ ਡਟੇ ਹੋਏ ਹਾਂ। ਉਨ੍ਹਾਂ ਕਿਹਾ ਕਿ ਨੀਲੋਂ ਨਹਿਰ ਦੇ ਕੰਢੇ ਇਸ ਪੇਪਰ ਮਿੱਲ ਨੂੰ ਲਗਾਉਣ ਦੀ ਯੋਜਨਾ ਵਾਤਾਵਰਨ ਪੱਖੋਂ ਮਾੜਾ ਫੈਸਲਾ ਹੈ। ਨਰੋਆ ਪੰਜਾਬ ਮੰਚ ਦੇ ਜਸਕੀਰਤ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੀਏਸੀ ਨੂੰ 11 ਜੁਲਾਈ ਦੀ ਮੀਟਿੰਗ ਵਿੱਚ ਭਰੋਸਾ ਦਿੱਤਾ ਸੀ ਕਿ ਜਲ ਸਰੋਤਾਂ ਨੇੜੇ ਕੋਈ ਵੀ ਪ੍ਰਦੂਸ਼ਣ ਫੈਲਾਉਣ ਵਾਲਾ ਉਦਯੋਗ ਨਹੀਂ ਲਗਾਇਆ ਜਾਵੇਗਾ ਜਦੋਂਕਿ ਰੁਚਿਰਾ ਪੇਪਰ ਮਿੱਲ ਲਾਉਣ ਦੀ ਤਜਵੀਜ਼ ਮੁੱਖ ਮੰਤਰੀ ਵੱਲੋਂ ਦਿੱਤੇ ਭਰੋਸੇ ਨਾਲ ਬਿਲਕੁਲ ਮੇਲ ਨਹੀਂ ਖਾਂਦੀ।