ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 24 ਅਪਰੈਲ
ਪਿਛਲੇ 65 ਸਾਲ ਤੋਂ ਕੈਲੇਫੋਰਨੀਆ (ਅਮਰੀਕਾ) ਵੱਸਦੇ ਅਗਾਂਹਵਧੂ ਕਿਸਾਨ ਤੇ ਸੌਗੀ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਚਰਨਜੀਤ ਸਿੰਘ ਬਾਠ ਨੇ ਅੱਜ ਇੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੇਵਾਮੁਕਤ ਅਧਿਆਪਕਾਂ, ਨਿਕਟਵਰਤੀ ਦੋਸਤਾਂ ਤੇ ਬੁੱਧੀਜੀਵੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਗੱਲਬਾਤ ਕਰਦਿਆਂ ਕਿਹਾ ਹੈ ਕਿ ਪੰਜਾਬ ਨੂੰ ਆਪਣੀ ਖੇਤੀਬਾੜੀ ਤੇ ਪੇਂਡੂ ਵਿਕਾਸ ਨੂੰ ਪੱਕੇ ਪੈਰੀਂ ਕਰਨ ਲਈ ਬਾਗਬਾਨੀ ਅਤੇ ਪਸ਼ੂਪਾਲਣ ਅਧੀਨ ਰਕਬਾ ਲਿਆਉਣਾ ਪਵੇਗਾ।
ਉਨ੍ਹਾਂ ਕਿਹਾ ਕਿ ਕਣਕ, ਝੋਨਾ ਫ਼ਸਲੀ ਚੱਕਰ ਪੰਜਾਬ ਦੇ ਕੁਦਰਤੀ ਸੋਮਿਆਂ ਦਾ ਘਾਣ ਕਰ ਰਹੇ ਹਨ। ਧਰਤੀ ਹੇਠਲਾ ਸਿੰਜਾਈ ਯੋਗ ਪਾਣੀ ਘਟ ਰਿਹਾ ਹੈ ਅਤੇ ਉਹ ਦਿਨ ਦੂਰ ਨਹੀਂ ਜਦ ਪੰਜਾਬ ਦੇ ਵਸਨੀਕ ਪੀਣ ਵਾਲੇ ਪਾਣੀ ਨੂੰ ਵੀ ਤਰਸਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਸੁਝਾਅ ਦਿੱਤਾ ਹੈ ਕਿ ਅਮਰੀਕਾ ਵੱਸਦੇ ਖੇਤੀਬਾੜੀ ਮਾਹਿਰਾਂ ਡਾ. ਗੁਰਦੇਵ ਸਿੰਘ ਖ਼ੁਸ਼, ਡਾ. ਮਸ ਬਾਜਵਾ, ਡਾ. ਪਰਮ ਰੰਧਾਵਾ, ਡਾ. ਲਖਵਿੰਦਰ ਸਿੰਘ ਰੰਧਾਵਾ ਤੇ ਡਾ. ਅਮਰਜੀਤ ਸਿੰਘ ਬਸਰਾ ਸਮੇਤ ਇਸ ਪੱਧਰ ਦੇ ਵੱਡੇ ਖੇਤੀਬਾੜੀ ਵਿਗਿਆਨੀਆਂ ਤੋਂ ਵੀ ਸਲਾਹ ਮਸ਼ਵਰਾ ਲਿਆ ਜਾਵੇ ਤਾਂ ਜੋ ਪੰਜਾਬ ਦੀ ਖੇਤੀਬਾੜੀ ਦੇ ਰੌਸ਼ਨ ਭਵਿੱਖ ਦੀ ਰੂਪ ਰੇਖਾ ਉਲੀਕੀ ਜਾ ਸਕੇ। ਸ੍ਰੀ ਬਾਠ ਨੇ ਕਿਹਾ ਕਿ ਪੰਜਾਬੀ ਮੂਲ ਦੇ ਸਿਰਕੱਢ ਵਿਗਿਆਨੀਆਂ ਤੇ ਕਿਸਾਨਾਂ ਦਾ ਸੁਮੇਲ ਕਰ ਕੇ ਇਸ ਜਿੱਲ੍ਹਣ ਵਿੱਚੋਂ ਹੁਣ ਵੀ ਨਿਕਲਿਆ ਜਾ ਸਕਦਾ ਹੈ। ਉਨ੍ਹਾਂ ਆਪਣੇ ਪਰਿਵਾਰਕ ਮਿੱਤਰ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਪ੍ਰੋ. ਗੁਰਭਜਨ ਸਿੰਘ ਗਿੱਲ ਨਾਲ ਉਪਰੋਕਤ ਵਿਚਾਰ ਕਰਦਿਆਂ ਕਿਹਾ ਕਿ ਸਮੂਹ ਪੰਜਾਬੀਆਂ ਨੂੰ ਇਸ ਨੁਕਤੇ ਤੇ ਸੋਚਣ ਲਈ ਪ੍ਰੇਰਿਆ ਜਾਵੇ।