ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਅਕਤੂਬਰ
ਪਬਲਿਕ ਐਕਸ਼ਨ ਕਮੇਟੀ (ਪੀਏਸੀ) ਸਤਲੁਜ ਅਤੇ ਮੱਤੇਵਾੜਾ ਜੰਗਲ ਵੱਲੋਂ ਮੱਤੇਵਾੜਾ ਜੰਗਲ ਦੇ ਨੇੜੇ ਸਤਲੁਜ ਦੇ ਹੜ੍ਹ ਮੈਦਾਨ ਦੇ ਉਪਰ ਉਲੀਕੀ ਗਈ ਇੰਡਸਟਰੀ ਪਾਰਕ ਦੀ ਯੋਜਨਾ ਸਬੰਧੀ ਵਿਚਾਰ ਚਰਚਾ ਕਰਵਾਈ ਗਈ ਜਿਸ ਵਿੱਚ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਗਈ ਕਿ ਉਹ ਪੰਜਾਬ ਦੇ ਵਾਤਾਵਰਨ ਨੂੰ ਵਿਨਾਸ਼ ਕਰਨ ਵਾਲੀਆਂ ਨੀਤੀਆਂ ਨੂੰ ਸੁਧਾਰਨ ਲਈ ਅੱਗੇ ਆਉਣ।
ਸੰਘਰਸ਼ ਕਮੇਟੀ ਦੇ ਕਰਨਲ ਚੰਦਰ ਮੋਹਨ ਲਖਨਪਾਲ ਨੇ ਕਿਹਾ ਕਿ ਵਿਕਾਸ ਦੇ ਨਾਂ ’ਤੇ ਵਾਤਾਵਰਨ ਦਾ ਵਿਨਾਸ਼ ਕੀਤਾ ਜਾ ਰਿਹਾ ਹੈ। ਪੰਜਾਬ ਦੇ ਦਰਿਆਵਾਂ ਨੂੰ ਜ਼ਹਿਰੀਲਾ ਕਰ ਕੇ ਕਰੋੜਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ। ਸਤਲੁਜ ਦਾ ਪਾਣੀ ਬੁੱਢੇ ਨਾਲੇ ਦੇ ਜ਼ਹਿਰੀਲੇ ਪਾਣੀ ਕਾਰਨ ਪਹਿਲਾਂ ਹੀ ਜ਼ਹਿਰੀਲਾ ਹੋ ਚੁੱਕਾ ਹੈ ਪਰ ਹੁਣ ਸਤਲੁਜ ਨੇੜੇ ਹੀ ਇੰਡਸਟਰੀ ਪਾਰਕ ਬਣਾਉਣ ਦੀ ਯੋਜਨਾ ਕਰਕੇ ਮੱਤੇਵਾੜਾ ਜੰਗਲ ਲਈ ਵੀ ਖਤਰਾ ਖੜ੍ਹਾ ਕੀਤਾ ਜਾ ਰਿਹਾ ਹੈ। ਆਲਮੀ ਪੰਜਾਬੀ ਸੰਗਤ ਦੇ ਗੰਗਵੀਰ ਰਾਠੌਰ ਨੇ ਕਿਹਾ ਕਿ ਦਰਿਆਵਾਂ ਵਿੱਚ ਵੱਖ ਵੱਖ ਕਾਰਨਾਂ ਕਰਕੇ ਪਾਣੀ ਦਾ ਪੱਧਰ ਵਧਣ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਦਰਿਆਈ ਹੜ੍ਹ ਮੈਦਾਨ ਉਸਾਰੀ ਅਤੇ ਘੁਸਪੈਠ ਤੋਂ ਰਹਿਣ ਰੱਖਣੇ ਲਾਜ਼ਮੀ ਹਨ। ਪਿੰਡ ਸੇਖੋਵਾਲ ਦੇ ਕਸ਼ਮੀਰ ਸਿੰਘ ਨੇ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਦੇ ਕਾਰਜ ਕਾਲ ਵਿੱਚ ਪਿੰਡ ਦੀ ਵਾਹੀਯੋਗ 416 ਕਿੱਲੇ ਜ਼ਮੀਨ ਨੂੰ ਖੋਹਣ ਦਾ ਯਤਨ ਕਾਮਯਾਬ ਹੋਇਆ ਤਾਂ ਲੋਕ ਦਿਹਾੜੀਆਂ ਕਰਨ ਲਈ ਮਜਬੂਰ ਹੋ ਜਾਣਗੇ। ਗਰੀਬ ਅਤੇ ਦਲਿਤ ਭਾਈਚਾਰੇ ਦੇ ਲੋਕਾਂ ਨਾਲ ਹੋ ਰਹੇ ਇਸ ਧੱਕੇ ਨੂੰ ਬੰਦ ਕੀਤਾ ਜਾਵੇ। ਨਰੋਆ ਪੰਜਾਬ ਦੇ ਬਰਜਿੰਦਰ ਸਿੰਘ ਨੇ ਕਿਹਾ ਕਿ ਵਾਤਾਵਰਨ ਅਤੇ ਪਾਣੀਆਂ ਦੀ ਤਬਾਹੀ ਲਈ ਸਿਆਸੀ ਆਗੂਆਂ ਅਤੇ ਨੌਕਰਸ਼ਾਹਾਂ ਵੱਲੋਂ ਕੀਤੀ ਜਾ ਰਹੀ ਰਾਜ ਸ਼ਕਤੀ ਦੀ ਵਰਤੋਂ ਵਿਰੁੱਧ ਲੋਕਾਂ ਨੂੰ ਖੜ੍ਹੇ ਹੋਣਾ ਪਵੇਗਾ। ਕਪਿਲ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਕਾਨੂੰਨ ਅਨੁਸਾਰ ਦਰਿਆਵਾਂ ਦੇ ਹੜ੍ਹ ਮੈਦਾਨਾਂ ਨੂੰ ਵਿਕਾਸ ਦੇ ਨਾਂ ’ਤੇ ਉਜਾੜ ਨਹੀਂ ਸਕਦੀ।