ਜਗਰਾਉਂ: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਰਵਾਇਤੀ ਫਸਲਾਂ ਦਾ ਰਾਹ ਤਿਆਗ ਕੇ ਹੋਰ ਲਾਹੇਬੰਦ ਫਸਲਾਂ ਅਪਣਾਉਣ, ਬੇਲੋੜੀਆਂ ਖਾਦਾਂ ਅਤੇ ਸਪਰੇਆਂ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਗਈ ਹੈ। ਖੇਤੀਬਾੜੀ ਅਫਸਰ ਡਾ. ਨਰਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਕਣਕ ਦੀ ਫਸਲ ’ਤੇ ਪੀਲੀ ਕੁੰਗੀ ਦੇ ਹਮਲੇ ਨੂੰ ਰੋਕਣ ਲਈ ਖੇਤਾਂ ਦਾ ਸਰਵੇਖਣ ਜ਼ਰੂਰੀ ਹੈ। ਜੇਕਰ ਕਣਕ ਦੀ ਫਸਲ ਦੇ ਪੱਤਿਆਂ ’ਤੇ ਹਲਦੀ ਰੰਗਾ ਧੂੜਾ ਨਜ਼ਰ ਆਵੇ ਤਾਂ ਬਿਨਾਂ ਦੇਰੀ ਖੇਤੀ ਮਾਹਿਰਾਂ ਨਾਲ ਸਪੰਰਕ ਕਰ ਕੇ ਉਨ੍ਹਾਂ ਦੀ ਸਿਫਾਰਸ਼ ਨਾਲ ਸਪਰੇਅ ਕੀਤੀ ਜਾਵੇ ਹੈ। ਡਾ. ਗੁਰਿੰਦਰਪਾਲ ਕੌਰ ਨੇ ਦੱਸਿਆ ਕਿ ਕਿਸਾਨਾਂ ਨੂੰ ਵਧ ਰਹੇ ਤਾਪਮਾਨ ਦੇ ਮੱਦੇਨਜ਼ਰ ਸਰ੍ਹੋਂ ਦੀ ਫਸਲ ’ਤੇ ਚੇਪੇ ਦੇ ਹਮਲੇ ਦਾ ਵੀ ਖਿਆਲ ਰੱਖਣਾ ਜ਼ਰੂਰੀ ਹੈ। ਉਸ ਤੋਂ ਬਚਾਅ ਲਈ ਵੀ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਅਨੁਸਾਰ ਹੀ ਛਿੜਕਾਅ ਕਰਨਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਕਿਸਾਨ ਖੇਤੀ ਮਾਹਿਰਾਂ ਦੀ ਸਲਾਹ ਲੈਣ ਲਈ ਵਿਭਾਗ ਵੱਲੋਂ ਜਾਰੀ ਫੋਨ ਨੰਬਰਾਂ ਦੀ ਵਰਤੋਂ ਵੀ ਕਰ ਸਕਦੇ ਹਨ। -ਪੱਤਰ ਪ੍ਰੇਰਕ