ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 18 ਮਾਰਚ
ਕਰੀਬ ਦੋ ਮਹੀਨੇ ਪਹਿਲਾਂ ਪਿੰਡ ਹਠੂਰ ਦੇ 35 ਸਾਲਾ ਨੌਜਵਾਨ ਨੇ ਗਲ੍ਹ ’ਚ ਰੱਸਾ ਪਾ ਕੇ ਟਰੱਕ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਉਕਤ ਮਾਮਲੇ ਬਾਰੇ ਮ੍ਰਿਤਕ ਨੌਜਵਾਨ ਅਮਰਜੀਤ ਸਿੰਘ ਦੇ ਪਿਤਾ ਬਲਵੰਤ ਸਿੰਘ ਮਾਤਾ ਹਰਬੰਸ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕੁਵੈਤ ਵਿੱਚ ਪਿਛਲੇ ਦੋ ਸਾਲਾਂ ਤੋਂ ਟਰੱਕ ਚਲਾਉਂਦਾ ਸੀ। ਲੰਘ ਚੁੱਕੀ 6 ਜਨਵਰੀ ਨੂੰ ਉਸ ਨੇ ਪਰਿਵਾਰ ਨਾਲ ਗੱਲ ਕੀਤੀ। ਅਗਲੇ ਦਿਨ 7 ਜਨਵਰੀ ਨੂੰ ਉਸਦੇ ਦੋਸਤ ਦਾ ਫੋਨ ਆਇਆ ਕਿ ਅਮਰਜੀਤ ਨੇ ਗਲ੍ਹ ’ਚ ਰੱਸਾ ਪਾ ਕੇ ਟਰੱਕ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਪਰਿਵਾਰ ਅਨੁਸਾਰ ਉਸ ਨੇ ਸਾਰੀ ਘਟਨਾ ਦੀਆਂ ਫੋਟੋ ਵੀ ਪਾਈਆਂ। ਜਦੋਂ ਪਰਿਵਾਰ ਨੇ ਜਿਹੜੀ ਕੰਪਨੀ ’ਚ ਅਮਰਜੀਤ ਕੰਮ ਕਰਦਾ ਸੀ, ਉਸ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਆਪਣਾ ਖਰਚ ਕਰ ਕੇ ਲਾਸ਼ ਭਾਰਤ ਲਿਜਾ ਸਕਦੇ ਹੋ। ਗਰੀਬੀ ਹੰਢਾ ਰਹੇ ਪਰਿਵਾਰ ’ਚ ਇੰਨੀ ਸਮਰੱਥਾ ਨਾ ਹੋਣ ਕਾਰਨ ਉਨ੍ਹਾਂ ਨੇ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨਾਲ ਸੰਪਰਕ ਕੀਤਾ। ਬੀਬੀ ਮਾਣੂੰਕੇ ਨੇ ਲੋਕ ਸਭਾ ਮੈਂਬਰ ਭਗਵੰਤ ਮਾਨ ਨਾਲ ਗੱਲ ਕੀਤੀ ਹੈ। ਉਨ੍ਹਾਂ ਨੇ ਪਰਿਵਾਰ ਨਾਲ ਖੜਨ ਦਾ ਭਰੋਸਾ ਦਿੱਤਾ। ਸਮਾਜ ਸੇਵੀ ਪ੍ਰੋ. ਸੁਖਵਿੰਦਰ ਸੁੱਖੀ, ਛਿੰਦਰਪਾਲ ਸਿੰਘ ਖਾਲਸਾ, ਦਿਲਪ੍ਰੀਤ ਕੌਰ, ਰੇਸ਼ਮ ਸਿੰਘ ਨੇ ਸਰਕਾਰ ਤੋਂ ਪਰਿਵਾਰ ਦੀ ਮਦਦ ਲਈ ਗੁਹਾਰ ਲਗਾਈ ਹੈ।