ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 25 ਜਨਵਰੀ
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ 6 ਚੋਣ ਖਰਚਾ ਨਿਗਰਾਨਾਂ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਉਮੀਦਵਾਰਾਂ ਦੇ ਖਰਚੇ ਦੀ ਨਿਗਰਾਨੀ ਲਈ ਤਾਇਨਾਤ ਕਰਦਿਆਂ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਵਰਚੁਅਲ ਮੀਟਿੰਗ ਦੌਰਾਨ ਚੋਣ ਖਰਚਾ ਨਿਗਰਾਨ ਅਵੀਜੀਤ ਮਿਸ਼ਰਾ ਆਈਆਰਐੱਸ (ਵਿਧਾਨ ਸਭਾ ਹਲਕੇ ਖੰਨਾ ਅਤੇ ਪਾਇਲ ਲਈ), ਅਭਿਜੀਤ ਕੁੰਡੂ ਆਈਆਰਐੱਸ (ਸਮਰਾਲਾ ਅਤੇ ਸਾਹਨੇਵਾਲ), ਰਾਜੇਸ਼ ਕੁਮਾਰ ਆਈਆਰਐੱਸ (ਲੁਧਿਆਣਾ ਪੂਰਬੀ, ਲੁਧਿਆਣਾ ਦੱਖਣੀ ਅਤੇ ਲੁਧਿਆਣਾ ਉਤਰੀ), ਸਰੋਜ ਕੁਮਾਰ ਬੇਹੇਰਾ (ਆਤਮ ਨਗਰ, ਲੁਧਿਆਣਾ ਕੇਂਦਰੀ ਅਤੇ ਲੁਧਿਆਣਾ ਪੱਛਮੀ), ਸਵਾਤੀ ਸ਼ਾਹੀ (ਹਲਕਾ ਗਿੱਲ ਅਤੇ ਹਲਕਾ ਦਾਖਾ) ਅਤੇ ਅਲਕਾ ਗੌਤਮ ਆਈਆਰਐੱਸ (ਵਿਧਾਨ ਸਭਾ ਹਲਕੇ ਰਾਏਕੋਟ ਅਤੇ ਜਗਰਾਉਂ) ਨਾਲ ਵੀਡੀਓ ਕਾਨਫ਼ਰੰਸਿੰਗ ਰਾਹੀਂ ਜ਼ਿਲ੍ਹੇ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਵਿਧਾਨ ਸਭਾ ਚੋਣਾਂ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਪੂਰੀ ਤਰ੍ਹਾਂ ਵਚਨਬੱਧ ਦੁਹਰਾਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਹਰ ਤਿੰਨ ਹਲਕਿਆਂ ਵਿੱਚ 9 ਸਟੈਟਿਕ ਸਰਵੇਲੈਂਸ ਟੀਮਾਂ (ਐੱਸ.ਐੱਸ.ਟੀ), ਫਲਾਇੰਗ ਸਕੁਐਡ ਟੀਮਾਂ (ਐੱਫ.ਐੱਸ.ਟੀ.), ਵੀਡੀਓ ਸਰਵੀਲੈਂਸ ਟੀਮਾਂ (ਵੀ.ਐੱਸ.ਟੀ.) ਗਠਿਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ ਵਿੱਚ ਵਿੱਤੀ ਮਾਮਲਿਆਂ ਵਿੱਚ ਮੁਹਾਰਤ ਰੱਖਣ ਵਾਲੇ ਸੀਨੀਅਰ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ।