ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਅਪਰੈਲ
ਜ਼ਿਲ੍ਹੇ ਵਿੱਚ ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਾਰੀਆਂ ਮੰਡੀਆਂ ਵਿੱਚ ਡਾਕਟਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੱਥ ਧੋਣ ਨੂੰ ਲਾਜ਼ਮੀ ਬਣਾਇਆ ਗਿਆ ਹੈ ਅਤੇ ਇਸੇ ਦੇ ਮੱਦੇਨਜ਼ਰ ਸੂਬਾ ਸਰਕਾਰ ਵਲੋਂ ਦਾਣਾ ਮੰਡੀਆਂ ਵਿੱਚ ਪੈਰਾਂ ਨਾਲ ਚੱਲਣ ਵਾਲੇ ਵਿਸ਼ੇਸ਼ ਹੱਥ ਧੋਣ ਵਾਲੇ ਕਿਉਸਕ ਵੀ ਲਗਾਏ ਗਏ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਹ ਕਿਉਸਕ ਜ਼ਿਲ੍ਹੇ ਦੀਆਂ ਵੱਡੀਆਂ ਮੰਡੀਆਂ ਦੇ ਸਾਰੇ ਯਾਰਡਾਂ ਵਿੱਚ ਲਗਾਏ ਜਾਣਗੇ, ਜਿਸ ਵਿੱਚ ਪਾਣੀ ਅਤੇ ਹੱਥ ਧੋਣ ਵਾਲੀ ਸਮੱਗਰੀ ਲਈ ਦੋ ਵੱਖਰੇ-ਵੱਖਰੇ ਪੈਡਲ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਖ਼ਾਸ ਤੌਰ ’ਤੇ ਤਿਆਰ ਕੀਤੇ ਇਹ ਕਿਉਸਕ ਬਿਨਾ ਛੋਹੇ ਹੱਥ ਧੋਣ ਵਿਚ ਸਹਾਇਤਾ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਕਿਉਸਿਕਾਂ ਵਿੱਚ ਦੋ ਪੈਡਲ ਲਗਾਏ ਗਏ ਹਨ, ਇੱਕ ਪੈਡਲ ਨਾਲ ਪਾਣੀ ਅਤੇ ਦੂਜੇ ਪੈਡਲ ਨਾਲ ਹੱਥ ਧੋਣ ਵਾਲੀ ਸਮੱਗਰੀ ਬਾਹਰ ਆਵੇਗੀ। ਉਨ੍ਹਾਂ ਕਿਹਾ ਕਿ ਇਹ ਕਿਊਸਿਕ ਪਾਣੀ ਦੀ ਬੱਚਤ ਵਿੱਚ ਵੀ ਸਹਾਈ ਹੋਣਗੇ, ਜਿੰਨਾ ਪਾਣੀ ਹੱਥ ਧੋਣ ਲਈ ਲੋੜੀਂਦਾ ਹੋਵੇਗਾ, ਪੈਡਲ ਉਪਰ ਪੈਰ ਰੱਖਣ ਨਾਲ ਉਨ੍ਹਾਂ ਹੀ ਪਾਣੀ ਬਾਹਰ ਆਵੇਗਾ। ਉਪ ਜ਼ਿਲ੍ਹਾ ਮੰਡੀ ਅਫ਼ਸਰ ਬੀਰ ਇੰਦਰ ਸਿੰਘ ਸਿੱਧੂ ਨੇ ਕਿਹਾ ਮੰਡੀ ਸਕੱਤਰਾਂ ਅਤੇ ਸੁਪਰਵਾਈਜ਼ਰਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਇਨ੍ਹਾਂ ਕਿਉਸਕਾਂ ਵਿੱਚ ਪਾਣੀ ਅਤੇ ਹੱਥ ਧੋਣ ਵਾਲੀ ਸਮੱਗਰੀ ਦੀ ਕਮੀ ਨਹੀਂ ਆਉਣੀ ਚਾਹੀਦੀ। ਉਨ੍ਹਾਂ ਦੱਸਿਆ ਕਿ ਮੰਡੀ ਬੋਰਡ ਦੀ ਟੀਮ ਵੱਲੋਂ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕਰੋਨਾਵਾਇਰਸ ਦੇ ਮੱਦੇਨਜ਼ਰ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਿਆ ਜਾ ਸਕੇ।