ਪੱਤਰ ਪ੍ਰੇਰਕ
ਮੁੱਲਾਂਪੁਰ-ਦਾਖਾ, 10 ਜੁਲਾਈ
ਥਾਣਾ ਦਾਖਾ ਅਧੀਨ ਪੈਂਦੇ ਇੱਕ ਝੁੱਗੀ-ਝੌਪੜੀ ਇਲਾਕੇ ਵਿੱਚ ਰਹਿਣ ਵਾਲੇ ਪਰਿਵਾਰ ਦੀ 15 ਸਾਲਾ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲ਼ਾ ਕੇ ਲਿਜਾਣ ਅਤੇ ਉਸ ਨਾਲ ਜਬਰੀ ਸਰੀਰਕ ਸਬੰਧ ਬਣਾਉਣ ਵਾਲੇ ਵਿਅਕਤੀ ਵਿਰੁੱਧ ਪੁਲੀਸ ਨੇ ਬੱਚਿਆਂ ਵਿਰੁੱਧ ਜਨਿਸੀ ਅਪਰਾਧ ਰੋਕੂ ਕਾਨੂੰਨ ਅਤੇ ਜਬਰ-ਜਨਾਹ ਕਰਨ ਦੀਆਂ ਧਾਰਾਵਾਂ ਅਧੀਨ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ। ਉਪ ਪੁਲੀਸ ਕਪਤਾਨ ਜਸਬਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਕੇ ਹੋਰ ਪੁੱਛ-ਗਿੱਛ ਕੀਤੀ ਜਾਵੇਗੀ। ਪੀੜਤ ਨਾਬਾਲਗ ਲੜਕੀ ਦੇ ਪਿਤਾ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ 7 ਜੁਲਾਈ ਨੂੰ ਘਰ ਆ ਕੇ ਦੇਖਿਆ ਤਾਂ ਲੜਕੀ ਘਰ ਮੌਜੂਦ ਨਹੀਂ ਸੀ। ਪਰਿਵਾਰ ਨੇ ਆਪਣੇ ਤੌਰ ‘ਤੇ ਭਾਲ ਕੀਤੀ ਪਰ ਕੋਈ ਸੁਰਾਗ ਨਾ ਮਿਲਿਆ। ਅਗਲੇ ਦਿਨ ਮੁਲਜ਼ਮ ਲੜਕੀ ਨੂੰ ਬੱਸ ਸਟੈਂਡ ਨੇੜੇ ਛੱਡ ਕੇ ਭੱਜ ਗਿਆ ਤਾਂ ਲੜਕੀ ਖ਼ੁਦ ਹੀ ਤੁਰ ਕੇ ਘਰ ਪਹੁੰਚ ਗਈ ਤਾਂ ਉਸ ਨੇ ਦੱਸਿਆ ਕਿ ਮੁਲਜ਼ਮ ਉਸ ਨੂੰ ਲੁਧਿਆਣਾ ਵਿੱਚ ਆਪਣੀ ਭੈਣ ਦੇ ਘਰ ਲੈ ਗਿਆ ਸੀ ਅਤੇ ਵਿਆਹ ਦਾ ਝਾਂਸਾ ਦੇ ਉਸ ਨਾਲ ਜਬਰੀ ਸਰੀਰਕ ਸਬੰਧ ਬਣਾਏ ਸਨ।