ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਅਪਰੈਲ
ਸ਼ੌਕੀਆ ਤੌਰ ’ਤੇ ਆਪਣੇ ਕੋਲ ਪਿਸਤੌਲ ਰੱਖ ਲੋਕਾਂ ’ਚ ਦਬਦਬਾ ਬਣਾਉਣ ਦੀ ਕੋਸ਼ਿਸ਼ ’ਚ ਲੱਗੇ ਸ਼ਿਮਲਾਪੁਰੀ ਗੋਬਿੰਦ ਨਗਰ ਵਾਸੀ ਪ੍ਰਦੀਪ ਸਿੰਘ ਨੂੰ ਐਂਟੀ ਨਾਰਕੋਕਿਟਸ ਸੀਆਈਏ-3 ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮ ਨੂੰ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ, ਜਦੋਂ ਮੁਲਜ਼ਮ ਘਰ ਦੇ ਬਾਹਰ ਖੜ੍ਹਾ ਸੀ ਤੇ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ। ਪੁਲੀਸ ਨੇ ਮੁਲਜ਼ਮ ਦੇ ਕਬਜ਼ੇ ’ਚੋਂ ਇੱਕ ਦੇਸੀ ਪਿਸਤੌਲ ਦੇ ਨਾਲ-ਨਾਲ ਚਾਰ ਕਾਰਤੂਸ ਵੀ ਬਰਾਮਦ ਕੀਤੇ ਹਨ। ਇਸ ਮਾਮਲੇ ’ਚ ਥਾਣਾ ਸ਼ਿਮਲਾਪੁਰੀ ’ਚ ਪ੍ਰਦੀਪ ਸਿੰਘ ਦੇ ਖਿਲਾਫ਼ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਇੱਕ ਦਿਨਾਂ ਰਿਮਾਂਡ ’ਤੇ ਲੈ ਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ।
ਐਂਟੀ ਨਾਰਕੋਟਿਕਸ ਦੇ ਇੰਚਾਰਜ ਇੰਸਪੈਕਟਰ ਸਤਵੰਤ ਸਿੰਘ ਬੈਂਸ ਨੇ ਦੱਸਿਆ ਕਿ ਪੁਲੀਸ ਪਾਰਟੀ ਏਐਸਆਈ ਭੁਪਿੰਦਰ ਸਿੰਘ ਦੀ ਅਗਵਾਈ ’ਚ ਪੁਲੀਸ ਪਾਰਟੀ ਗਸ਼ਤ ’ਚ ਲੱਗੀ ਸੀ। ਇਸੇ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਨੇ ਆਪਣੇ ਕੋਲ ਨਾਜਾਇਜ਼ ਹਥਿਆਰ ਰੱਖਿਆ ਹੈ। ਉਹ ਇਸ ਸਮੇਂ ਵੀ ਆਪਣੇ ਘਰ ਦੇ ਬਾਹਰ ਪਿਸਤੌਲ ਲੈ ਕੇ ਖੜ੍ਹਾ ਹੈ। ਜਿਸ ਤੋਂ ਬਾਅਦ ਪੁਲੀਸ ਟੀਮ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ। ਤਲਾਸੀ ਦੌਰਾਨ ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਹਨ। ਪੁਲੀਸ ਅਨੁਸਾਰ ਮੁਲਜ਼ਮ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਉਹ ਸ਼ੌਂਕ ਦੇ ਤੌਰ ’ਤੇ ਆਪਣੇ ਕੋਲ ਹਥਿਆਰ ਰੱਖਦਾ ਸੀ। ਉਸਨੇ ਇਹ ਹਥਿਆਰ ਸਸਤੇ ਭਾਅ ’ਚ ਨੌਜਵਾਨ ਤੋਂ ਮੰਗਵਾਇਆ ਸੀ। ਪੁਲੀਸ ਮੁਲਜ਼ਮ ਤੋਂ ਪੁੱਛਗਿਛ ਕਰ ਪਤਾ ਲਾਉਣ ’ਚ ਲੱਗੀ ਹੋਈ ਹੈ ਕਿ ਉਹ ਹਥਿਆਰ ਕਿਸ ਲਈ ਲਿਆਇਆ ਤੇ ਕਿਸ ਵਿਅਕਤੀ ਤੋਂ ਲਿਆਇਆ ਸੀ।