ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 29 ਅਪਰੈਲ
ਜ਼ਿਲ੍ਹੇ ਵਿੱਚ ਕਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ, ਰੋਜ਼ਾਨਾ 1300 ਤੋਂ ਵੰਧ ਕੇਸ ਸਾਹਮਣੇ ਆ ਰਹੇ ਹਨ, ਕਰੋਨਾ ਦੇ ਮਰੀਜ਼ਾਂ ਨਾਲ ਹਸਪਤਾਲ ਭਰ ਗਏ ਹਨ, ਅਜਿਹੇ ਵਿੱਚ ਇੱਕ ਵਾਰ ਫਿਰ ਕਰੋਨਾ ਮਰੀਜ਼ਾਂ ਦਾ ਲਾਹਾ ਚੁੱਕਣ ਵਾਲਿਆਂ ਨੇ ਦਵਾਈਆਂ ਤੇ ਹੋਰ ਜ਼ਰੂਰੀ ਸਾਮਾਨ ਦੀ ਕਾਲਾਬਾਜ਼ਾਰੀ ਸ਼ੁਰੂ ਕਰ ਦਿੱਤੀ ਹੈ। ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਕਾਲਾਬਾਜ਼ਾਰੀ ਦਾ ਕੰਮ ਸੂਬੇ ਦੀ ਸਭ ਤੋਂ ਵੱਡੀ ਦਵਾਈਆਂ ਦੇ ਹੋਲਸੇਲ ਮਾਰਕੀਟ ਤੋਂ ਸ਼ੁਰੂ ਹੋ ਗਿਆ ਹੈ, ਜਿੱਥੇ ਦੁਕਾਨਦਾਰਾਂ ਨੇ ਇਹ ਕਹਿ ਕੇ ਰੇਟਾਂ ਵਿੱਚ ਵਾਧਾ ਕਰ ਦਿੱਤਾ ਹੈ ਕਿ ਪਿੱਛੋਂ ਸਟਾਕ ਹੀ ਨਹੀਂ ਆ ਰਿਹਾ। ਹਰ ਇੱਕ ਸਾਮਾਨ ਦਾ ਰੇਟ ਦੁੱਗਣ-ਤਿਗਣਾ ਕਰ ਦਿੱਤਾ ਗਿਆ ਹੈ। ਜਿਹੜਾ ਆਕਸੀਮੀਟਰ 400 ਰੁਪਏ ’ਚ ਮਿਲ ਰਿਹਾ ਸੀ, ਉਹ ਹੁਣ 1500 ਤੋਂ 2000 ’ਚ ਮਿਲ ਰਿਹਾ ਹੈ। ਪਾਰੇ ਵਾਲਾ ਥਰਮਾਮੀਟਰ 50 ਦੀ ਥਾਂ 100 ਰੁਪਏ ’ਚ ਤੇ ਡਿਜੀਟਲ ਥਰਮਾਮੀਟਰ 200 ਰੁਪਏ ’ਚ ਮਿਲ ਰਿਹਾ ਹੈ। ਆਕਸੀਜਨ ਸਿਲੰਡਰ ’ਤੇ ਲੱਗਣ ਵਾਲਾ ਫਲੋਅ ਮੀਟਰ ਵੀ ਹੁਣ 800 ਰੁਪਏ ਦੀ ਥਾਂ 3 ਤੋਂ 5 ਹਜ਼ਾਰ ਰੁਪਏ ਤੱਕ ਵਿਕ ਰਿਹਾ ਹੈ। ਸੈਨੇਟਾਈਜ਼ਰਾਂ ਦੇ ਭਾਅ ਵੀ ਤਿੱਗਣੇ-ਚੌਗੁਣੇ ਹੋ ਗਏ ਹਨ। ਕਰੋਨਾ ਮਹਾਮਾਰੀ ਦੌਰਾਨ ਕੁੱਝ ਦੁਕਾਨਦਾਰਾਂ ਵੱਲੋਂ ਲੋਕਾਂ ਦੀ ਮਜਬੂਰੀ ਦਾ ਫਾਇਦਾ ਚੁੱਕਿਆ ਜਾ ਰਿਹਾ ਹੈ। ਕਰੋਨਾ ਦੇ ਵੱਧਦੇ ਕੇਸਾਂ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਖੁੱਦ ਕਹਿ ਰਿਹਾ ਹੈ ਕਿ ਲੋਕ ਹਸਪਤਾਲਾਂ ਵਿੱਚ ਜਾਣ ਦੀ ਬਜਾਏ ਘਰਾਂ ਵਿੱਚ ਏਕਾਂਤਵਾਸ ਹੋਣ, ਇਸਦੇ ਲਈ ਕੁੱਝ ਲੋਕਾਂ ਨੂੰ ਤਾਂ ਸਰਕਾਰ ਵੱਲੋਂ ਫਤਿਹ ਕਿੱਟ ਮਿਲ ਰਹੀ ਹੈ, ਜਿਸ ਵਿੱਚ ਜਰੂਰਤ ਦਾ ਸਾਰਾ ਸਮਾਨ ਹੈ, ਪਰ ਕੁੱਝ ਲੋਕ ਇਸ ਤੋਂ ਵਾਂਝੇ ਰਹਿ ਜਾਂਦੇ ਹਨ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਕਈ ਵਾਰ ਫੇਸਬੁੱਕ ’ਤੇ ਲਾਈਵ ਹੋ ਕੇ ਕਾਲਾਬਾਜ਼ਾਰੀ ਕਰਨ ਵਾਲਿਆਂ ਨੂੰ ਚਿਤਾਵਨੀ ਦੇ ਚੁੱਕੇ ਹਨ, ਪਰ ਜ਼ਮੀਨੀ ਹਕੀਕਤ ਵਿੱਚ ਇਸ ਚਿਤਾਵਨੀ ਦਾ ਕੋਈ ਅਸਰ ਵੇਖਣ ਨੂੰ ਨਹੀਂ ਮਿਲ ਰਿਹਾ ਹੈ।