ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 13 ਦਸੰਬਰ
ਇਥੇ ਵਿਧਾਨ ਸਭਾ ਚੋਣਾਂ ਨੇੜੇ ਹਨ ਤੇ ਸਿਆਸੀ ਆਗੂਆਂ ਨੇ ਹੁਣੇ ਤੋਂ ਹੀ ਚੋਣਾਂ ਦੀ ਤਿਆਰੀ ਖਿੱਚ ਦਿੱਤੀ ਹੈ। ਇਸੇ ਤਹਿਤ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ 15 ਦਿਨਾਂ ਵਿੱਚ ਦੂਜੀ ਵਾਰ ਸ਼ਹਿਰ ਦੇ ਐੱਨਜੀਓ ਮੈਂਬਰਾਂ ਨੇ ਖਜ਼ਾਨੇ ਦਾ ਮੂੰਹ ਖੋਲ੍ਹ ਦਿੱਤਾ ਹੈ। 15 ਦਿਨਾਂ ਵਿੱਚ ਦੂਜੀ ਵਾਰ ਮੰਤਰੀ ਆਸ਼ੂ ਨੇ ਵੱਖ-ਵੱਖ ਐੱਨਜੀਓ ਲਈ ਲੱਖਾਂ ਰੁਪਏ ਦੇ ਚੈੱਕ ਵੰਡੇ, ਮੰਤਰੀ ਆਸ਼ੂ ਨੇ ਅੱਜ ਸ਼ਹਿਰ ਦੀਆਂ 8 ਵੱਖ-ਵੱਖ ਐੱਨਜੀਓ ਨੂੰ 19 ਲੱਖ ਰੁਪਏ ਦੀ ਵਿੱਤੀ ਗ੍ਰਾਂਟ ਨੂੰ ਮਨਜ਼ੂਰੀ ਦਿੱਤੀ ਗਈ। ਉਨ੍ਹਾਂ ਨੇ ਐੱਨਜੀਓ ਨਿਰਦੋਸ਼ ਸਕੂਲ ਫਾਰ ਮੈਂਟਲੀ ਰੀਟਾਰਡਡ ਚਿਲਡਰਨ ਸੁਸਾਇਟੀ, ਦਰਪਣ-ਇਨ ਇਮੇਜ਼ ਆਫ ਇਨੋਸੈਂਸ, ਦਿ ਨੌਰਥ ਇੰਡੀਆ ਸੇਰੇਬ੍ਰਲ ਪਾਲਿਸੀ ਐਸੋਸੀਏਸ਼ਨ, ਏਕ ਆਸ ਸਕੂਲ ਫਾਰ ਬਲਾਈਂਡ ਅਤੇ ਮੈਂਟਲੀ ਰੀਟਾਰਡਡ ਚਿਲਡਰਨ ਐਜੂਕੇਸ਼ਨਲ ਵੈੱਲਫੇਅਰ ਸੁਸਾਇਟੀ, ਸੋਸ਼ਲ ਐਕਸ਼ਨ ਗਰੁੱਪ, ਮੁਸਕਾਨ ਵੈੱਲਫੇਅਰ ਸੁਸਾਇਟੀ ਅਤੇ ਉਡਾਨ ਵੈੱਲਫੇਅਰ ਸੁਸਾਇਟੀ ਨੂੰ 2-2 ਲੱਖ ਰੁਪਏ ਦੀ ਗ੍ਰਾਂਟ ਜਾਰੀਕੀਤੀ। ਇਸੇ ਤਰ੍ਹਾਂ ਸ੍ਰਈ ਵਿਵੇਕਾਨੰਦ ਸਵਰਗ ਆਸ਼ਰਮ ਟਰੱਸਟ ਨੂੰ 5 ਲੱਖ ਰੁਪਏ ਮਨਜ਼ੂਰ ਕੀਤੇ ਗਏ ਹਨ। ਐੱਨਜੀਓ ਦੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਨਿਗਮ ਕੌਂਸਲਰ ਮਮਤਾ ਆਸ਼ੂ ਨੇ ਭਰੋਸਾ ਦਿਵਾਇਆ ਕਿ ਭਵਿੱਖ ਵਿੱਚ ਵੀ ਇਨ੍ਹਾਂ ਗੈਰ ਸਰਕਾਰੀ ਸੰਗਠਨਾਂ ਨੂੰ ਲੋੜ ਪੈਣ ’ਤੇ ਹਰ ਸੰਭਵ ਸਹਿਯੋਗ ਕੀਤਾ ਜਾਵੇਗਾਾ। ਮੰਤਰੀ ਆਸ਼ੂ ਨੇ ਕਿਹਾ ਕਿ ਇਹ 8 ਐੱਨਜੀਓ ਸਿੱਖਿਆ ਅਤੇ ਬੱਚਿਆਂ ਦੇ ਵਿਕਾਸ ਆਦਿ ਦੇ ਖੇਤਰ ਵਿੱਚ ਕੰਮ ਕਰ ਕੇ ਸਮਾਜ ਵਿੱਚ ਬਦਲਾਅ ਲਿਆ ਰਹੀਆਂ ਹਨ। ਇਸ ਤੋਂ 15 ਦਿਨ ਪਹਿਲਾਂ ਵੀ ਮੰਤਰੀ ਆਸ਼ੂ ਨੇ ਸ਼ਹਿਰ ਦੀਆਂ ਵੱਖ-ਵੱਖ ਐੱਨਜੀਓ ਨੂੰ ਲੱਖਾਂ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਸੀ।