ਖੇਤਰੀ ਪ੍ਰਤੀਨਿਧ
ਲੁਧਿਆਣਾ , 17 ਫਰਵਰੀ
ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਅੰਦਰ ਕੰਮ ਕਰਦੀਆਂ ਆਸ਼ਾ ਵਰਕਰਾਂ ਦੀਆਂ ਡਿਊਟੀਆਂ ਪੰਜਾਬ ਦੇ ਹਰੇਕ ਵਿਧਾਨ ਸਭਾ ਹਲਕੇ ਦੇ ਬੂਥਾਂ ਉੱਪਰ ਲਗਾਈਆਂ ਗਈਆਂ ਹਨ। ਇਸ ਦੌਰਾਨ ਵਿਭਾਗ ਵੱਲੋਂ ਉਨ੍ਹਾਂ ਨੂੰ ਦੂਰ ਦੁਰਾਡੇ ਇਲਾਕਿਆਂ ਵਿੱਚ ਰਿਹਰਸਲ ਲਈ ਵੀ ਬੁਲਾਇਆ ਗਿਆ, ਪਰ ਅੱਜ ਕਈ ਆਸ਼ਾ ਵਰਕਰਾਂ ਨੂੰ ਡਿਊਟੀ ਨਾ ਹੋਣ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਆਸ਼ਾ ਵਰਕਰ ਯੂਨੀਅਨ ਲੁਧਿਆਣਾ ਦੀਆਂ ਆਗੂ ਬਲਵੀਰ ਕੌਰ ਗਿੱਲ ਅਤੇ ਸਵਰਨਜੀਤ ਕੌਰ ਫੁੱਲਾਂਵਾਲ ਨੇ ਦੱਸਿਆ ਕਿ ਵੋਟਾਂ ਦੌਰਾਨ ਆਸ਼ਾ ਵਰਕਰਾਂ ਦੀ ਡਿਊਟੀ ਵੋਟ ਪਾਉਣ ਵਾਲਿਆਂ ਦੇ ਹੱਥ ਸੈਨੇਟਾਈਜ਼ ਕਰਨ, ਲਗਾਉਣ ਲਈ ਮਾਸਕ ਦੇਣ, ਦਸਤਾਨੇ ਪਵਾਉਣ ਅਤੇ ਵਾਪਸੀ ਸਮੇਂ ਦਸਤਾਨੇ ਕੂੜਾ ਦਾਨ ਵਿੱਚ ਸੁਟਵਾਉਣ ਦੀ ਲਾਈ ਗਈ ਹੈ ਪਰ ਹੁਣ ਕਈ ਵਰਕਰਾਂ ਨੂੰ ਡਿਊਟੀ ਨਾ ਹੋਣ ਬਾਰੇ ਦੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਇਨ੍ਹਾਂ ਆਸ਼ਾ ਵਰਕਰ ਦੀ ਡਿਊਟੀ ਨਹੀਂ ਸੀ ਤਾਂ ਇਨਾਂ ਨੂੰ ਦੋ ਵਾਰ ਰਿਸ਼ੀ ਨਗਰ, ਇਕ ਵਾਰ ਪੱਖੋਵਾਲ ਅਤੇ ਦੋ ਵਾਰ ਸਿਵਲ ਹਸਪਤਾਲ ਬੁਲਾ ਕੇ ਖੱਜਲਖੁਆਰ ਕਿਉਂ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਹੈ ਕਿ ਇਨ੍ਹਾਂ ਰਿਹਰਸਲਾਂ ਉੱਪਰ ਪਹੁੰਚਣ ਲਈ ਆਸ਼ਾ ਵਰਕਰਾਂ ਨੇ ਸੈਂਕੜੇ ਰੁਪਏ ਖਰਚ ਕੀਤੇ ਅਤੇ ਸਮਾਂ ਦਿੱਤਾ। ਇਸੇ ਦੌਰਾਨ ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਲੁਧਿਆਣਾ ਦੇ ਆਗੂਆਂ ਸੁਖਵਿੰਦਰ ਸਿੰਘ ਲੀਲ੍ਹ ਅਤੇ ਰਮਨਜੀਤ ਸਿੰਘ ਸੰਧੂ ਨੇ ਚੋਣ ਦਫ਼ਤਰ ਤੋਂ ਮੰਗ ਕੀਤੀ ਹੈ ਆਸ਼ਾ ਵਰਕਰਾਂ ਨੂੰ ਰਿਹਰਸਲਾਂ ਦੌਰਾਨ ਮਿਲਣ ਵਾਲਾ ਮਿਹਨਤਾਨਾ ਦਿੱਤਾ ਜਾਵੇ।