ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 6 ਅਗਸਤ
ਛਾਉਣੀ ਮੁਹੱਲਾ ਇਲਾਕੇ ’ਚ ਰਹਿਣ ਵਾਲੇ ਪੰਜਾਬ ਪੁਲੀਸ ਦੇ ਇੰਸਪੈਕਟਰ ਬਿਟਨ ਕੁਮਾਰ ’ਤੇ ਬੀਤੇ ਦਿਨ ਦੇਰ ਰਾਤ ਨੂੰ ਤੇਜ਼ਧਾਰ ਹਥਿਆਰਾਂ ਨਾਲ ਲੈਸ ਕੁਝ ਲੋਕਾਂ ਨੇ ਹਮਲਾ ਕਰ ਜ਼ਖਮੀ ਕਰ ਦਿੱਤਾ। ਪਰਿਵਾਰ ਵਾਲਿਆਂ ਨੇ ਵਿੱਚ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਪਰ ਹਮਲਾਵਾਰਾਂ ਨੇ ਉਨ੍ਹਾਂ ’ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਮੁਲਜ਼ਮ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਜ਼ਖ਼ਮੀ ਇੰਸਪੈਕਟਰ ਬਿੱਟਨ ਕੁਮਾਰ ਨੂੰ ਪਰਿਵਾਰ ਵਾਲਿਆਂ ਨੇ ਇਲਾਜ ਲਈ ਸੀਐੱਮਸੀ ਹਸਪਤਾਲ ਭਰਤੀ ਕਰਵਾਇਆ ਹੈ ਜਿੱਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਥਾਣਾ ਡਵੀਜ਼ਨ ਨੰ. 4 ਦੀ ਪੁਲੀਸ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪੁੱਜ ਗਈ। ਪੁਲੀਸ ਦੇ ਪੁੱਜਣ ਤੋਂ ਪਹਿਲਾਂ ਹੀ ਹਮਲਾਵਾਰ ਕਾਰਾਂ ’ਚ ਸਵਾਰ ਹੋ ਕੇ ਫ਼ਰਾਰ ਹੋ ਚੁੱਕੇ ਸਨ। ਪੁਲੀਸ ਨੇ ਬਿੱਟਨ ਕੁਮਾਰ ਦੀ ਸ਼ਿਕਾਇਤ ’ਤੇ ਓਕਾਂਰ ਸਿੰਘ, ਦੀਪੂ ਤੇ ਬੱਬੂ ਦੇ ਨਾਲ ਨਾਲ ਛੇ ਹੋਰਨਾਂ ਲੋਕਾਂ ਦੇ ਖਿਲਾਫ਼ ਕਤਲ ਦੀ ਕੋਸ਼ਿਸ਼ ਸਮੇਤ ਕਈ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇੰਸਪੈਕਟਰ ਬਿੱਟਨ ਕੁਮਾਰ ਦੇ ਘਰ ਦੇ ਸਾਹਮਣੇ ਇੱਕ ਖਾਲੀ ਪਲਾਟ ’ਚ ਉਸਾਰੀ ਕਰਨ ਤੋਂ ਬਾਅਦ ਮਲਬਾ ਪਿਆ ਸੀ। ਕੁਝ ਲੋਕ ਉਥੇਂ ਜੇਸੀਬੀ ਨਾਲ ਮਲਬਾ ਚੁੱਕ ਰਹੇ ਸਨ। ਦੇਰ ਰਾਤ ਨੂੰ ਜੇਸੀਬੀ ਦੀ ਉਚੀ ਆਵਾਜ਼ ਕਾਰਨ ਇਲਾਕਾ ਨਿਵਾਸੀਆਂ ਨੂੰ ਪ੍ਰੇਸ਼ਾਨੀ ਹੋ ਰਹੀ ਸੀ। ਬਾਹਰ ਰੌਲਾ ਸੁਣ ਕੇ ਇੰਸਪੈਕਟਰ ਬਿਟਨ ਕੁਮਾਰ ਵੀ ਉੱਥੇ ਪੁੱਜ ਗਏ। ਉਨ੍ਹਾਂ ਨੇ ਜੇਸੀਬੀ ਚਾਲਕਾਂ ਨੂੰ ਕਿਹਾ ਕਿ ਇਸ ਸਮੇਂ ਜੇਸੀਬੀ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ ਤਾਂ ਉਹ ਸਵੇਰੇ ਆ ਕੇ ਮਲਬਾ ਚੁੱਕਣ ਪਰ ਜੇਸੀਬੀ ਚਾਲਕ ਨੇ ਇੱਕ ਨਹੀਂ ਸੁਣੀ ਜਿਸ ਕਾਰਨ ਉਨ੍ਹਾਂ ਦੀ ਬਹਿਸ਼ ਸ਼ੁਰੂ ਹੋ ਗਈ। ਜੇਸੀਬੀ ਚਾਲਕ ਨੇ ਗੱਡੀ ’ਚ ਬੈਠੇ ਆਪਣੇ ਸਾਥੀਆਂ ਨੂੰ ਬੁਲਾਇਆ ਤਾਂ ਤੇਜ਼ਧਾਰ ਹਥਿਆਰ ਨਾਲ ਇੰਸਪੈਕਟਰ ਬਿਟਨ ’ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਬਚਾਅ ਕਰਨ ਆਉਣ ਵਾਲੇ ਲੋਕਾਂ ਨੂੰ ਵੀ ਹਮਲਾਵਾਰਾਂ ਨੇ ਜ਼ਖ਼ਮੀ ਕਰ ਦਿੱਤਾ।
ਸੀਸੀਟੀਵੀ ਕੈਮਰੇ ’ਚ ਕੈਦ ਹੋਈ ਘਟਨਾ
ਬਹਿਸ ਤੋਂ ਲੈ ਕੇ ਕੁੱਟਮਾਰ ਤੇ ਮੁਲਜ਼ਮਾਂ ਦੇ ਫ਼ਰਾਰ ਹੋਣ ਤੱਕ ਦੀ ਸਾਰੀ ਘਟਨਾ ਕੋਲ ਹੀ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਜਾਂਚ ਕਰਨ ਪੁੱਜੇ ਅਧਿਕਾਰੀਆਂ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ਼ ਖੰਗਾਲੀ। ਪੁਲੀਸ ਹੁਣ ਸੀਸੀਟੀਵੀ ਰਾਹੀਂ ਹਮਲਾਵਾਰਾਂ ਤੱਕ ਪੁੱਜਣ ਦੀ ਕੋਸ਼ਿਸ਼ ਕਰ ਰਹੀ ਹੈ। ਜਾਂਚ ਅਧਿਕਾਰੀ ਏਐੱਸਆਈ ਹਰਬੰਸ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੇ ਘਰਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਕੁੱਟਮਾਰ ਦੇ ਦੋਸ਼ ਹੇਠ ਲੜਕੀ ਸਣੇ 5 ਖ਼ਿਲਾਫ਼ ਕੇਸ ਦਰਜ
ਲੁਧਿਆਣਾ( ਨਿੱਜੀ ਪੱਤਰ ਪ੍ਰੇਰਕ): ਇਥੇ ਥਾਣਾ ਸਲੇਮ ਟਾਬਰੀ ਦੀ ਪੁਲੀਸ ਨੇ ਇੱਕ ਲੜਕੀ ਸਮੇਤ 5 ਜਣਿਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਸ ਸਬੰਧੀ ਗੁਲਾਬੀ ਮੁਹੱਲਾ ਵਾਸੀ ਮੁਹੰਮਦ ਸ਼ੈਫ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਲੜਕੀ ਸੋਨੀਆਂ, ਉਸ ਦੇ ਦੋਸਤ ਦਲੀਪ ਵਾਸੀ ਗੋਪਾਲ ਨਗਰ ਅਤੇ ਤਿੰਨ ਨਾਮਲੂਮ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।