ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 28 ਸਤੰਬਰ
ਨਸ਼ੀਲੇ ਪਦਾਰਥਾਂ ਦੇ ਗੈਰ-ਕਾਨੂੰਨੀ ਕਾਰੋਬਾਰ ਰਾਹੀਂ ਬਣਾਈ ਗਈ ਕਰੋੜਾਂ ਦੀ ਜਾਇਦਾਦ ਨੂੰ ਕੇਸ ਨਾਲ ਅਟੈਚ ਕਰਨ ਦੀ ਪੁਲੀਸ ਦੀ ਕਾਰਵਾਈ ਤਹਿਤ ਅੱਜ ਥਾਣਾ ਡਿਵੀਜ਼ਨ 3 ਦੀ ਪੁਲੀਸ ਨੇ ਚਾਰ ਨਸ਼ਾ ਤਸਕਰਾਂ ਦੀਆਂ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਨੂੰ ਕੇਸਾਂ ਨਾਲ ਅਟੈਚ ਕਰ ਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਨੋਟਿਸ ਜਾਰੀ ਕੀਤੇ ਹਨ। ਹੁਣ ਇਹ ਨਸ਼ਾ ਤਸਕਰ ਨਾ ਤਾਂ ਉਕਤ ਜਾਇਦਾਦ ਨੂੰ ਵੇਚ ਸਕਣਗੇ ਅਤੇ ਨਾ ਹੀ ਜਾਇਦਾਦ ਕਿਸੇ ਹੋਰ ਨੂੰ ਤਬਦੀਲ ਕਰ ਸਕਣਗੇ। ਸਾਰੇ ਮੁਲਜ਼ਮਾਂ ਦੇ ਘਰਾਂ ਦੇ ਬਾਹਰ ਅੱਜ ਪੁਲੀਸ ਵੱਲੋਂ ਨੋਟਿਸ ਚਿਪਕਾ ਦਿੱਤੇ ਗਏ ਹਨ।
ਇਸ ਬਾਰੇ ਏਸੀਪੀ ਕੇਂਦਰੀ ਅਨਿਲ ਭਨੌਟ ਅਤੇ ਥਾਣਾ ਡਿਵੀਜ਼ਨ 3 ਦੇ ਐਸਐਚਓ ਇੰਸਪੈਕਟਰ ਅੰਮ੍ਰਿਤਪਾਲ ਸ਼ਰਮਾ ਨੇ ਦੱਸਿਆ ਕਿ ਅਹਾਤਾ ਮੁਹੰਮਦ ਇਲਾਕੇ ਦੇ ਰਹਿਣ ਵਾਲੇ ਗੁਰਮੀਤ ਸਿੰਘ ਉਰਫ਼ ਕਾਕਾ ਖ਼ਿਲਾਫ਼ ਥਾਣਾ ਡਿਵੀਜ਼ਨ 3 ਵਿੱਚ ਨਸ਼ਾ ਤਸਕਰੀ ਦਾ ਕੇਸ ਦਰਜ ਕੀਤਾ ਗਿਆ ਸੀ। ਉਸ ਦੇ ਨਾਂ ’ਤੇ 170 ਗਜ਼ ਦਾ ਮਕਾਨ ਸੀ ਜਿਸ ਨੂੰ ਪੁਲੀਸ ਨੇ ਕੇਸ ਪ੍ਰਾਪਰਟੀ ਬਣਾ ਲਿਆ ਹੈ। ਪੁਲੀਸ ਅਨੁਸਾਰ ਉਕਤ ਮਕਾਨ ਦੀ ਕੀਮਤ ਕਰੀਬ 1 ਕਰੋੜ 51 ਲੱਖ ਰੁਪਏ ਹੈ। ਇਸ ਤੋਂ ਇਲਾਵਾ ਮੁੰਡੀਆਂ ਕਲਾਂ ਦੇ ਨਿਊ ਰਾਮ ਨਗਰ ਇਲਾਕੇ ਦੇ ਰਹਿਣ ਵਾਲੇ ਗਗਨਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਸ ਕੋਲ ਚਾਲੀ ਗਜ਼ ਦਾ ਮਕਾਨ ਹੈ, ਜਿਸ ਦੀ ਕੀਮਤ ਕਰੀਬ 17 ਲੱਖ ਵੀਹ ਹਜ਼ਾਰ ਰੁਪਏ ਹੈ ਅਤੇ ਉਸ ਦੇ ਨਾਂ ’ਤੇ ਇਕ ਕਾਰ ਵੀ ਹੈ ਜਿਸ ਨੂੰ ਪੁਲੀਸ ਨੇ ਕੇਸ ਨਾਲ ਅਟੈਚ ਕਰ ਲਿਆ ਹੈ। ਇੱਕ ਹੋਰ ਕੇਸ ਵਿੱਚ ਪੁਲੀਸ ਨੇ ਹਰੀ ਕਰਤਾਰ ਕਲੋਨੀ ਵਾਸੀ ਸਰਬਜੋਤ ਸਿੰਘ ਉਰਫ਼ ਰਾਜਾ ਬਜਾਜ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੇ ਨਾਂ ’ਤੇ 65 ਗਜ਼ ਦਾ ਮਕਾਨ, ਜਿਸ ਦੀ ਕੀਮਤ 37 ਲੱਖ 57 ਹਜ਼ਾਰ ਰੁਪਏ ਹੈ, ਨੂੰ ਕੇਸ ਨਾਲ ਅਟੈਚ ਕਰ ਲਿਆ ਹੈ। ਇਸੇ ਤਰ੍ਹਾਂ ਚ ਸ਼ਿਵਪੁਰੀ ਸਥਿਤ ਢਾਈ ਮਰਾਲ ਕਲੋਨੀ ਦੇ ਰਹਿਣ ਵਾਲੇ ਅਮਿਤ ਸਚਦੇਵਾ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਸੀ, ਇਸ ਲਈ ਪੁਲੀਸ ਨੇ ਮੁਲਜ਼ਮ ਨਾਂ ਲੱਗਦੀ 62 ਗਜ਼ ਜ਼ਮੀਨ ਨੂੰ ਵੀ ਅਟੈਚ ਕਰ ਦਿੱਤਾ ਹੈ। ਜਿਸ ਦੀ ਕੀਮਤ 76 ਲੱਖ ਸੱਤ ਹਜ਼ਾਰ ਰੁਪਏ ਸੀ। ਪੁਲੀਸ ਅਨੁਸਾਰ ਮੁਲਜ਼ਮਾਂ ਨੇ ਉਕਤ ਜਾਇਦਾਦਾਂ ਨਸ਼ਾ ਤਸਕਰੀ ਦੀ ਕਮਾਈ ਨਾਲ ਬਣਾਈਆਂ ਗਈਆਂ ਹਨ। ਬਣਾਇਆ ਸੀ।