ਦੇਵਿੰਦਰ ਸਿੰਘ ਜੱਗੀ
ਪਾਇਲ, 10 ਅਗਸਤ
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਲਵੰਤ ਸਿੰਘ ਘੁਡਾਣੀ, ਹਰਜੀਤ ਸਿੰਘ ਘਲੋਟੀ, ਰਾਜਿੰਦਰ ਸਿੰਘ ਸਿਆੜ, ਦਵਿੰਦਰ ਸਿੰਘ ਰਾਜੂ ਤੇ ਯੁਵਰਾਜ ਸਿੰਘ ਘੁਡਾਣੀ ਦੀ ਅਗਵਾਈ ਹੇਠ ਵੱਖ ਵੱਖ ਪਿੰਡਾਂ ਘੁਡਾਣੀ ਕਲਾਂ, ਜੀਰਖ, ਸਿਆੜ, ਸਿਹੋੜਾ ਅਤੇ ਸਿਰਥਲਾ ਵਿੱਚ ਕਾਰਪੋਰੇਟ ਭਜਾਓ ਤੇ ਭਾਰਤ ਡਬਲਿਊਟੀਓ ਵਿੱਚ ਬਾਹਰ ਆਓ ਮੁਹਿੰਮ ਤਹਿਤ ਪੂੰਜੀਪਤੀਆਂ ਦੇ ਪੁਤਲੇ ਸਾੜੇ ਗਏ।
ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟਾਂ ਕੰਪਨੀਆਂ ਨੂੰ ਹੋਰ ਮੁਨਾਫੇ ਲਈ ਤੇ ਵਿਸ਼ਵ ਵਪਾਰ ਦੀਆਂ ਨੀਤੀਆਂ ਲਾਗੂ ਕਰਕੇ ਸਾਰੇ ਅਦਾਰਿਆਂ ਨੂੰ ਇਨ੍ਹਾਂ ਕੋਲ ਸੌਂਪਣ ਜਾ ਰਹੀ ਹੈ, ਜਿਸ ਕਾਰਨ ਸਰਕਾਰੀ ਖਰੀਦ ਖ਼ਤਮ ਕਰਨ, ਖੁੱਲ੍ਹੀ ਮੰਡੀ ਖੁੱਲ੍ਹਾ ਵਪਾਰ ਲਿਆ ਰਹੇ ਹਨ, ਸਹੂਲਤੀ ਅਦਾਰੇ ਬਿਜਲੀ, ਹਸਪਤਾਲ, ਸਕੂਲ, ਸੜਕਾਂ, ਰੇਲਾਂ, ਬੰਦਰਗਾਹਾਂ ਤੇ ਜਲ ਜੰਗਲ ਜ਼ਮੀਨ ’ਤੇ ਕਬਜ਼ੇ ਕਰਵਾਉਣ ਲੱਗੀ ਹੋਈ ਹੈ। ਆਗੂਆਂ ਕਿਹਾ ਕਿ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਤੇ ਕਾਰਪੋਰੇਟਾਂ ਦੀਆਂ ਨੀਤੀਆਂ ਨੂੰ ਲਾਗੂ ਕਰਵਾਉਣ ਲਈ ਤਿੰਨ ਕਾਨੂੰਨ ਲਿਆ ਕੇ ਜਮਹੂਰੀ ਹੱਕਾਂ ਦਾ ਘਾਣ ਕਰਨ ਜਾ ਰਹੀ ਹੈ ਇਸ ਦਾ ਡਟਵਾਂ ਵਿਰੋਧ ਕਰਨ ਲਈ ਸਾਂਝੇ ਸੰਘਰਸ਼ਾਂ ਦੀ ਲੋੜ ਹੈ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਦਲਜੀਤ ਸਿੰਘ ਬਿੱਟੂ, ਰਵਨਦੀਪ ਸਿੰਘ, ਗੁਰਵਿੰਦਰ ਭੱਠਲ, ਕੁਲਵਿੰਦਰ ਸਿੰਘ ਘਣਗਸ, ਮੋਹਨ ਸਿੰਘ, ਨਿਰਮਲ ਸਿੰਘ, ਸ਼ਿੰਦਰ ਸਿੰਘ, ਜਰਨੈਲ ਸਿੰਘ, ਸੁਖਬੀਰ ਸਿੰਘ, ਚਰਨ ਸਿੰਘ ਕਲਾਹੜ, ਜਗਦੇਵ ਸਿੰਘ ਸਿਹੋੜਾ ਅਤੇ ਮਨਪ੍ਰੀਤ ਸਿੰਘ ਜੀਰਖ ਹਾਜ਼ਰ ਸਨ।
‘ਕਾਰਪੋਰੇਟੋ ਭਾਰਤ ਛੱਡੋ’ ਮੁਹਿੰਮ ਤੇਜ਼ ਕਰਨ ਦਾ ਫ਼ੈਸਲਾ
ਲੁਧਿਆਣਾ (ਗੁਰਿੰਦਰ ਸਿੰਘ): ਅੱਜ ਜਮਹੂਰੀ ਕਿਸਾਨ ਸਭਾ ਪੰਜਾਬ ਨੇ ‘ਕਾਰਪੋਰੇਟੋ ਭਾਰਤ ਛੱਡੋ’ ਦਾ ਹੋਕਾ ਦਿੰਦਿਆਂ ਮੁਹਿੰਮ ਤੇਜ਼ ਕਰਨ ਦਾ ਫ਼ੈਸਲਾ ਕੀਤਾ ਹੈ। ਅੱਜ ਇੱਥੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪਿੰਡ ਚੌਤਾ ਵਿੱਚ ਦਲਵੀਰ ਸਿੰਘ ਪਾਗਲੀਆ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਜਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ ਅਤੇ ਜਗਤਾਰ ਸਿੰਘ ਚਕੌਹੀ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟਾ ਦੇ ਪੱਖ ਦੀਆਂ ਨੀਤੀਆਂ ਲਾਗੂ ਕਰਕੇ ਦੇਸ਼ ਦਾ ਸਰਮਾਇਆ ਅਡਾਨੀਆ-ਅੰਬਾਨੀਆ ਨੂੰ ਲੁੱਟਾ ਰਹੀ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਕਿਰਤੀ ਕਿਸਾਨ ਮੋਦੀ ਸਰਕਾਰ ਤੇ ਕਾਰਪੋਰੇਟਾਂ ਨੂੰ ਆਪਣੇ ਮਾੜੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋਣ ਦੇਣਗੇ। ਇਸ ਮੌਕੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਰਤਨਗੜ੍ਹ ਅਤੇ ਲਛਮਣ ਸਿੰਘ ਕੂੰਮਕਲਾਂ ਨੇ ਕਿਹਾ ਕਿ ਕਾਰਪੋਰੇਟਾਂ ਦੇ ਦਬਾਅ ਅਧੀਨ ਕਿਰਤੀ ਕਿਸਾਨਾਂ ਦੇ ਹੱਕੀ ਅੰਦੋਲਨਾਂ ਨੂੰ ਦਬਾਉਣ ਲਈ ਲਾਗੂ ਕੀਤੇ ਜਾ ਰਹੇ ਤਿੰਨ ਕਾਨੂੰਨ ਜੋ ਪੁਲੀਸ ਨੂੰ ਬੇਅਥਾਹ ਸ਼ਕਤੀਆਂ ਦਿੰਦੇ ਹਨ, ਨੂੰ ਰੱਦ ਕਰਵਾਉਣ ਅਤੇ ਇਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਜਲਦੀ ਹੀ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਕੂੰਮਕਲਾਂ ਇਲਾਕੇ ਵਿੱਚ ਵਿਸ਼ਾਲ ਕਨਵੈਨਸ਼ਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਦੀ ਤਿਆਰੀ ਲਈ ਅੱਜ ਤੋਂ ਹੀ ਲਾਮਬੰਦੀ ਆਰੰਭ ਦਿੱਤੀ ਜਾਵੇਗੀ। ਇਸ ਮੌਕੇ ਇੱਕਤਰ ਹੋਏ ਕਿਸਾਨਾਂ ਨੇ ਕਾਰਪੋਰੇਟਾਂ ਵਿਰੁੱਧ ਜੰਮ ਕੇ ਨਾਹਰੇਬਾਜ਼ੀ ਵੀ ਕੀਤੀ। ਇਸ ਮੀਟਿੰਗ ‘ਚ ਜਸਵਿੰਦਰ ਸਿੰਘ ਬਿੱਟੂ ਮਿਆਣੀ, ਸਰਪੰਚ ਗੁਰਚਰਨ ਸਿੰਘ ਝੁੱਗੀਆਂ ਬੇਗਾ, ਬਲਵਿੰਦਰ ਸਿੰਘ ਚੌਤਾ, ਪਰਮਜੀਤ ਸਿੰਘ ਮਾਛੀਵਾੜਾ, ਹਰਜਿੰਦਰ ਸਿੰਘ ਸੋਨੀ ਰਾਨਗੜ੍ਹ, ਧੰਨਾ ਸਿੰਘ ਪ੍ਰਤਾਪਗੜ੍ਹ, ਨੰਦ ਸਿੰਘ ਨੰਬਰਦਾਰ, ਸੁਖਵਿੰਦਰ ਸਿੰਘ ਪ੍ਰਤਾਪਗੜ੍ਹ ਹਾਜ਼ਰ ਸਨ।