ਰਾਮ ਗੋਪਾਲ ਰਾਏਕੋਟੀ
ਰਾਏਕੋਟ, 4 ਦਸੰਬਰ
ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਟਾਹਲੀਆਣਾ ਸਾਹਿਬ ਵਿਖੇ ਸਕੂਲੀ ਵਿਦਿਆਰਥੀਆਂ ਦੀ ਸਾਲਾਨਾ ਅਥਲੈਟਿਕ ਮੀਟ ਕਰਵਾਈ ਗਈ। ਇਸ ਦੀ ਸ਼ੁਰੂਆਤ ਚਾਰੇ ਹਾਊਸਾਂ ਦੇ ਵਿਦਿਆਰਥੀਆਂ ਅਤੇ ਸਕੂਲ ਦੇ ਨੈਸ਼ਨਲ ਪੱਧਰ ਦੇ ਖਿਡਾਰੀਆਂ ਵੱਲੋਂ ਫਲੈਗ ਮਾਰਚ ਕਰਨ ਅਤੇ ਸਕੂਲ ਪ੍ਰਿੰਸੀਪਲ ਡਿੰਪਲ ਢਿੱਲੋਂ ਵੱਲੋਂ ਮਾਰਚ ਪਾਸਟ ਤੋਂ ਸਲਾਮੀ ਲੈਣ ਉਪਰੰਤ ਹੋਈ।
ਇਸ ਅਥਲੈਟਿਕ ਮੀਟ ਵਿੱਚ ਸਕੂਲ ਦੇ ਸੱਤਵੀਂ ਕਲਾਸ ਤੋਂ ਲੈ ਕੇ ਬਾਰ੍ਹਵੀਂ ਕਲਾਸ ਦੇ ਬੱਚਿਆਂ ਵੱਲੋਂ ਹਿੱਸਾ ਲਿਆ ਗਿਆ। ਡਿੰਪਲ ਢਿੱਲੋਂ ਨੇ ਕਿਹਾ ਕਿ ਖੇਡਾਂ, ਜਿੱਥੇ ਸਾਡੇ ਸਰੀਰ ਨੂੰ ਤਕੜਾ ਰੱਖਦੀਆਂ ਹਨ, ਉੱਥੇ ਸਾਨੂੰ ਅਨੁਸ਼ਾਸਨ ਵਿੱਚ ਰਹਿਣਾ ਵੀ ਸਿਖਾਉਂਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਹੋਰ ਧਾਰਮਿਕ ਸਭਿਆਚਾਰਕ ਗਤੀਵਿਧੀਆਂ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਸੱਤਵੀਂ ਕਲਾਸ ਤੋਂ ਲੈ ਕੇ ਬਾਰ੍ਹਵੀਂ ਕਲਾਸ ਤੱਕ ਦੇ ਹੋਏ ਲੜਕਿਆਂ ਦੇ ਮੁਕਾਬਲਿਆਂ ਵਿਚੋਂ ਦਸਵੀਂ ਕਲਾਸ ਦੇ ਵਿਦਿਆਰਥੀ ਅਮਨਪ੍ਰੀਤ ਸਿੰਘ ਨੇ ਤਿੰਨ ਗੋਲਡ ਮੈਡਲ ਜਿੱਤ ਕੇ ਬੈਸਟ ਅਥਲੀਟ ਬਣਨ ਦਾ ਮਾਣ ਪ੍ਰਾਪਤ ਕੀਤਾ, ਜਦਕਿ ਲੜਕੀਆਂ ਵਿੱਚੋਂ ਖੁਸ਼ਪ੍ਰੀਤ ਕੌਰ ਸੱਤਵੀਂ ਕਲਾਸ ਨੇ ਤਿੰਨ ਗੋਲਡ ਮੈਡਲ ਜਿੱਤ ਕੇ ਬੈਸਟ ਅਥਲੀਟ ਦੀ ਟਰਾਫੀ ਜਿੱਤੀ। ਚਾਰੇ ਹਾਊਸਾਂ ਵਿੱਚੋਂ ਸਭ ਤੋਂ ਵੱਧ ਮੈਡਲ ਪਹਿਲੇ ਹਾਊਸ ਨੇ ਜਿੱਤੇ ਅਤੇ ਬੈਸਟ ਹਾਊਸ ਦੀ ਟਰਾਫੀ ਨੂੰ ਜਿੱਤਿਆ। ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਡਿੰਪਲ ਢਿੱਲੋਂ ਵੱਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਅਥਲੈਟਿਕ ਮੀਟ ਡੀਪੀ ਸੁਦਾਗਰ ਸਿੰਘ ਦੀ ਦੇਖ-ਰੇਖ ਹੇਠ ਹੋਈ। ਮੰਚ ਸੰਚਾਲਨ ਦੀ ਭੂਮਿਕਾ ਮੈਡਮ ਬਬੀਤਾ ਗਰਗ ਅਤੇ ਸੰਦੀਪ ਕੌਰ ਵਲੋਂ ਬਾਖੂਬੀ ਨਿਭਾਈ ਗਈ।