ਡੀਪੀਐੱਸ ਬੱਤਰਾ
ਸਮਰਾਲਾ, 19 ਅਕਤੂਬਰ
ਨਨਕਾਣਾ ਸਾਹਿਬ ਪਬਲਿਕ ਸਕੂਲ ਵਿੱਚ ਕੱਲ੍ਹ ਤੋਂ ਧੂਮਧਾਮ ਨਾਲ ਸ਼ੁਰੂ ਹੋਈ 37ਵੀਂ ਸਾਲਾਨਾ ਅਥਲੈਟਿਕ ਮੀਟ ਦੌਰਾਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਖੇਡਾਂ ਵਿੱਚ ਵਧੀਆ ਪ੍ਰਦਸ਼ਨ ਕੀਤਾ ਜਾ ਰਿਹਾ ਹੈ। ਪਹਿਲੇ ਦਿਨ ਦੀ ਸ਼ੁਰੂਆਤ ਮੌਕੇ ਵਿਦਿਆਰਥੀਆਂ ਨੇ 800 ਮੀਟਰ ਤੱਕ ਦੀਆਂ ਦੌੜਾਂ ਸਮੇਤ ਵੱਖ-ਵੱਖ ਖੇਡ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਹੋਏ ਇਨਾਮ ਹਾਸਲ ਕੀਤੇ। ਅੱਜ ਦੂਜੇ ਦਿਨ ਵੀ ਇਨ੍ਹਾਂ ਖੇਡਾਂ ਵਿੱਚ ਵਿੱਦਿਆਰਥੀਆਂ ਦਾ ਬਹੁਤ ਸ਼ਾਨਦਾਰ ਪ੍ਰਦਰਸ਼ਨ ਰਿਹਾ ਅਤੇ ਬੈਸਟ ਅਥਲੀਟਾਂ ਦੀ ਚੋਣ ਵੀ ਕੀਤੀ ਗਈ। ਸਕੂਲ ਦੀ ਪ੍ਰਿੰਸੀਪਲ ਰੇਵਾ ਟੰਡਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਛੇਵੀਂ ਤੋਂ ਨੌਵੀਂ ਜਮਾਤ ਦੇ ਲੜਕੇ-ਲੜਕੀਆਂ ਦੇ ਇਨ੍ਹਾਂ ਮੁਕਾਬਲਿਆਂ ਦੌਰਾਨ ਛੇਵੀਂ ਤੋਂ ਸੱਤਵੀ ਜਮਾਤ ਦੇ ਗਰੁੱਪ ਵਿੱਚ ਲੜਕਿਆਂ ਵਿੱਚੋਂ ਰੌਬਿਨ ਸਿੰਘ ਅਤੇ ਯੋਧਿਨ ਖੁੱਲਰ ਬੈਸਟ ਅਥਲੀਟ ਚੁਣੇ ਗਏ। ਅੱਠਵੀਂ ਅਤੇ ਨੌਵੀਂ ਜਮਾਤ ਗਰੁੱਪ ਵਿੱਚੋਂ ਹਰਦਿਲਜੋਤ ਸਿੰਘ ਤੇ ਦਪਿੰਦਰ ਕੌਰ ਨੂੰ ਬੈਸਟ ਅਥਲੀਟ ਚੁਣਿਆ ਗਿਆ ਹੈ। ਇਸੇ ਤਰ੍ਹਾਂ ਸੀਨੀਅਰ ਗਰੁੱਪ ਵਿੱਚੋਂ ਵੀ ਕਰਮਵੀਰ ਸਿੰਘ ਅਤੇ ਨਵਰੀਤ ਕੌਰ ਨੂੰ ਬੈਸਟ ਅਥਲੀਟ ਚੁਣਿਆ ਗਿਆ। ਸਰਵੋਤਮ ਖੇਡ ਪ੍ਰਦਰਸ਼ਨ ਕਰਨ ਵਾਲੇ ਇਨਾਮ ਜੇਤੂ ਵਿਦਿਆਰਥੀਆਂ ਨੂੰ ਸਕੂਲ ਟਰੱਸਟ ਦੇ ਐਡੀਸ਼ਨਲ ਸਕੱਤਰ ਇੰਦਰਜੀਤ ਸਿੰਘ ਲੋਪੋਂ, ਡਾਇਰੈਕਟਰ ਇੰਦਰਪਾਲ ਸਿੰਘ, ਸੁਰਿੰਦਰਪਾਲ ਸਿੰਘ ਢਿੱਲੋਂ, ਮਹਿੰਦਰ ਸਿੰਘ ਭੰਗਲਾਂ, ਗੁਰਚਰਨ ਸਿੰਘ, ਬਲਵੀਰ ਸਿੰਘ ਮਾਨ, ਉਜਾਗਰ ਸਿੰਘ ਬੈਨੀਪਾਲ, ਪਰਵਿੰਦਰ ਸਿੰਘ ਅਤੇ ਹਰਜੀਤ ਸਿੰਘ ਆਦਿ ਨੇ ਵਧਾਈ ਦਿੱਤੀ ਹੈ।