ਸਤਵਿੰਦਰ ਬਸਰਾ
ਲੁਧਿਆਣਾ, 12 ਮਾਰਚ
ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ 16ਵੀਂ ਅਥਲੈਟਿਕ ਮੀਟ ਅੱਜ ਸਮਾਪਤ ਹੋ ਗਈ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਦੱਸਿਆ ਕਿ ਅਥਲੈਟਿਕ ਮੀਟ ਦਾ ਉਦਘਾਟਨ ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਕੀਤਾ। ਯੂਨੀਵਰਸਿਟੀ ਦੇ ਸੀਨੀਅਰ ਖਿਡਾਰੀ ਡਾ. ਜੈਸਮੀਨ ਕੌਰ ਮੱਲ੍ਹੀ ਨੇ ਅਥਲੈਟਿਕ ਮੀਟ ਸ਼ੁਰੂ ਕਰਵਾਈ। ਇਨਾਮ ਵੰਡ ਸਮਾਗਮ ਸਮੇਂ ਕੌਮਾਂਤਰੀ ਖਿਡਾਰੀ ਮੋਹਿੰਦਰ ਸਿੰਘ ਗਿੱਲ ਬਤੌਰ ਮੁੱਖ ਮਹਿਮਾਨ ਪਹੁੰਚੇ। ਇਸ ਦੌਰਾਨ ਕਾਲਜ ਆਫ ਵੈਟਰਨਰੀ ਸਾਇੰਸ ਨੇ ਓਵਰਆਲ ਟਰਾਫੀ ਜਿੱਤੀ ਅਤੇ ਕਾਲਜ ਆਫ ਵੈਟਰਨਰੀ ਸਾਇੰਸ ਰਾਮਪੁਰਾ ਫੂਲ, ਬਠਿੰਡਾ ਦੂਜੇ ਸਥਾਨ ’ਤੇ ਰਿਹਾ। ਪ੍ਰਬੰਧਕੀ ਸਕੱਤਰ ਡਾ. ਏਪੀ ਐੱਸ ਬਰਾੜ ਨੇ ਖੇਡਾਂ ਸਬੰਧੀ ਸਾਲਾਨਾ ਰਿਪੋਰਟ ਪੇਸ਼ ਕੀਤੀ।
ਇਸ ਤੋਂ ਪਹਿਲਾਂ ਹੋਏ ਮੁਕਾਬਲਿਆਂ ਵਿੱਚੋਂ ਲੜਕਿਆਂ ਦੀ 110 ਮੀਟਰ ਅੜਿੱਕਾ ਦੌੜ ਵਿੱਚ ਪ੍ਰਮੋਦ ਕੁਮਾਰ, ਨੇਜਾ ਸੁੱਟਣ ਵਿੱਚ ਅਵਨੀਤ ਸਿੰਘ ਬਰਾੜ, 400 ਮੀਟਰ ਅੜਿੱਕਾ ਦੌੜ ’ਚ ਜਸ਼ਨਪ੍ਰੀਤ ਸਿੰਘ, 5000 ਮੀਟਰ ਦੌੜ ’ਚ ਉਮੀਦ ਸਿੰਘ ਸੇਖੋਂ, 400 ’ਚ ਉਮੀਦ ਸਿੰਘ ਸੇਖੋਂ, 800 ਮੀਟਰ ਦੌੜ ’ਚ ਰਮਨਦੀਪ ਸਿੰਘ, ਤੀਹਰੀ ਛਾਲ ’ਚ ਅਵਨੀਤ ਸਿੰਘ ਬਰਾੜ, ਗੋਲਾ ਸੁੱਟਣ ’ਚ ਸੌਰਵ ਉੱਪਲ, ਲੰਬੀ ਛਾਲ ’ਚ ਪ੍ਰਮੋਦ ਕੁਮਾਰ, 200 ਮੀਟਰ ਦੌੜ ’ਚ ਸ਼ੁਭਮ ਕਪੂਰ, ਡਿਸਕਸ ਥਰੋਅ ’ਚ ਸਾਹਿਲ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ। ਇਸੇ ਤਰ੍ਹਾਂ ਲੜਕੀਆਂ ਦੇ ਨੇਜਾ ਸੁੱਟਣ ਦੇ ਮੁਕਾਬਲੇ ’ਚ ਇਨਾਇਤ ਪਾਠਕ, 1500 ਤੇ 800 ਮੀਟਰ ਦੌੜ ’ਚ ਜੈਸਮੀਨ ਕੌਰ, 100 ’ਚ ਜਸਜੀਵਨ ਕੌਰ, 200 ਮੀਟਰ ’ਚ ਅਨੀਤਾ ਸ਼ਰਮਾ, ਉੱਚੀ ਛਾਲ ’ਚ ਕ੍ਰਿਸ਼ਨਾ ਕਵਿਥਾ, ਸ਼ਾਟਪੁੱਟ ’ਚ ਅਨਮੋਲ ਗਿਰੀ, ਡਿਸਕਸ ਥਰੋਅ ’ਚ ਅਨਮੋਲ ਗਿਰੀ ਜੇਤੂ ਰਹੀਆਂਂ।