ਗਗਨਦੀਪ ਅਰੋੜਾ
ਲੁਧਿਆਣਾ, 9 ਨਵੰਬਰ
ਖੁੱਡ ਮੁਹੱਲੇ ’ਚ ਜੁੱਤੀਆਂ ਦੇ ਕਾਰੋਬਾਰੀ ਗੁਰਵਿੰਦਰ ਸਿੰਘ ਪ੍ਰਿੰਕਲ ’ਤੇ ਗੋਲੀਆਂ ਚਲਾਉਣ ਦੇ ਦੋਸ਼ ਹੇਠ ਪੁਲੀਸ ਨੇ ਗੈਂਗਸਟਰ ਨਾਨੂ ਤੇ ਉਸ ਦੇ ਇੱਕ ਹੋਰ ਸਾਥੀ ਸੁਸ਼ੀਲ ਜੱਟ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਪ੍ਰਿੰਕਲ ’ਤੇ ਹਮਲੇ ਦੌਰਾਨ ਹੋਈ ਕਰਾਸ ਫਾਇਰਿੰਗ ’ਚ ਨਾਨੂ ਦੇ 3 ਅਤੇ ਸੁਸ਼ੀਲ ਜੱਟ ਦੇ 2 ਗੋਲੀਆਂ ਵੱਜੀਆਂ ਸਨ।
ਦੇਰ ਰਾਤ ਜਦੋਂ ਦੋਵੇਂ ਇਲਾਜ ਲਈ ਥਾਂ ਲੱਭ ਰਹੇ ਸਨ ਤਾਂ ਪੁਲੀਸ ਪਾਰਟੀ ਨੇ ਜਗਰਾਉਂ ਪੁਲ ਨੇੜੇ ਸ੍ਰੀ ਦੁਰਗਾ ਮਾਤਾ ਮੰਦਰ ਕੋਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ। ਦੋਵੇਂ ਜ਼ਖ਼ਮੀ ਮੁਲਜ਼ਮਾਂ ਨੂੰ ਪਹਿਲਾਂ ਸਿਵਲ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਡੀਐਮਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਗੈਂਗਸਟਰ ਰਿਸ਼ਭ ਬੈਨੀਪਾਲ ਉਰਫ਼ ਨਾਨੂ ਦਾ ਅਪਰੇਸ਼ਨ ਕਰ ਦਿੱਤਾ ਹੈ ਤੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਸੁਸ਼ੀਲ ਦਾ ਅਪਰੇਸ਼ਨ ਹੋਣਾ ਹਾਲੇ ਬਾਕੀ ਹੈ।
ਦੂਜੇ ਪਾਸੇ ਗੁਰਵਿੰਦਰ ਸਿੰਘ ਪ੍ਰਿੰਕਲ ਅਤੇ ਉਸ ਦੀ ਮਹਿਲਾ ਸਾਥੀ ਨਵਜੀਤ ਕੌਰ ਨਵੀ ਨੂੰ ਸੀਐਮਸੀ ਹਸਪਤਾਲ ਤੋਂ ਫੋਰਟਿਸ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ ਜਿੱਥੇ ਦੋਵਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੁਲੀਸ ਨੇ ਇਸ ਮਾਮਲੇ ’ਚ ਦੋਰਾਹਾ ਦੇ ਜੁੱਤੀ ਕਾਰੋਬਾਰੀ ਤੇ ਸੋਸ਼ਲ ਮੀਡੀਆ ’ਤੇ ਸਰਗਰਮ ਹਨੀ ਸੇਠੀ ਨੂੰ ਵੀ ਨਾਮਜ਼ਦ ਕੀਤਾ ਹੈ। ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਨੇ ਗੁਰਵਿੰਦਰ ਸਿੰਘ ਪ੍ਰਿੰਕਲ ਦੀ ਸ਼ਿਕਾਇਤ ’ਤੇ ਰਿਸ਼ਭ ਬੈਨੀਪਾਲ, ਹਨੀ ਸੇਠੀ, ਹਰਪ੍ਰੀਤ ਸਿੰਘ, ਐਡਵੋਕੇਟ ਗਗਨਪ੍ਰੀਤ ਸਿੰਘ, ਪ੍ਰਿੰਕਲ ਦਾ ਸਹੁਰਾ ਰਜਿੰਦਰ ਸਿੰਘ ਤੇ ਸਾਲਾ ਸੁਖਵਿੰਦਰ ਪਾਲ ਸਿੰਘ ਦੇ ਨਾਲ ਅਕੁਲ ਸ਼ਰਮਾ, ਸਾਹਿਲ ਸਪਰਾ, ਆਕਾਸ਼ ਤੇ ਜੌਨ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਬਾਕੀ ਮੁਲਜ਼ਮਾਂ ਦੀ ਭਾਲ ਲਈ ਛਾਪਾਮਾਰੀ ਜਾਰੀ ਹੈ। ਸੰਯੁਕਤ ਪੁਲੀਸ ਕਮਿਸ਼ਨਰ ਸਿਟੀ ਤੇ ਡੀਸੀਪੀ ਕ੍ਰਾਈਮ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਦੋਵੇਂ ਧਿਰਾਂ ਵੱਲੋਂ 17 ਰਾਉਂਡ ਫਾਇਰ ਕੀਤੇ ਗਏ ਸਨ, ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਉਥੋਂ ਇੱਕ 32 ਬੋਰ ਦਾ ਪਿਸਤੌਲ, ਪੰਜ ਕਾਰਤੂਸ ਤੇ 17 ਖੋਲ ਬਰਾਮਦ ਕੀਤੇ ਹਨ। ਇਨ੍ਹਾਂ ਵਿੱਚੋਂ 11 ਸ਼ੈੱਲ .30 ਬੋਰ ਦੇ ਅਤੇ ਛੇ ਸ਼ੈੱਲ .32 ਬੋਰ ਦੇ ਹਨ। ਡੀਸੀਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਦੋਵੇਂ ਗੁੱਟਾਂ ਵਿੱਚ ਕਾਫ਼ੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਕਈ ਵਾਰ ਉਹ ਸੋਸ਼ਲ ਮੀਡੀਆ ’ਤੇ ਇਕ-ਦੂਜੇ ਖ਼ਿਲਾਫ਼ ਬਿਆਨਬਾਜ਼ੀ ਕਰ ਚੁੱਕੇ ਹਨ। ਇਸ ਤੋਂ ਇਲਾਵਾ ਪ੍ਰਿੰਕਲ ਦਾ ਆਪਣੇ ਸਹੁਰਿਆਂ ਨਾਲ ਵੀ ਵਿਵਾਦ ਚੱਲ ਰਿਹਾ ਸੀ। ਸ਼ੁੱਕਰਵਾਰ ਨੂੰ ਪ੍ਰਿੰਕਲ ਕੁਝ ਸਮਾਂ ਪਹਿਲਾਂ ਹੀ ਦੁਕਾਨ ’ਤੇ ਪਹੁੰਚਿਆ ਸੀ। ਇਸੇ ਦੌਰਾਨ ਮੁਲਜ਼ਮਾਂ ਨੇ ਦੁਕਾਨ ਅੰਦਰ ਦਾਖਲ ਹੋ ਕੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਮੌਕੇ ਪ੍ਰਿੰਕਲ ਨੇ ਵੀ ਜਵਾਬੀ ਫਾਇਰਿੰਗ ਕੀਤੀ ਤੇ ਪੰਜ ਗੋਲੀਆਂ ਚਲਾਈਆਂ। ਇਸ ਵਿੱਚੋਂ ਤਿੰਨ ਗੋਲੀਆਂ ਰਿਸ਼ਭ ਨੂੰ ਤੇ ਦੋ ਸੁਸ਼ੀਲ ਨੂੰ ਲੱਗੀਆਂ। ਡੀਸੀਪੀ ਅਨੁਸਾਰ ਮੁਲਜ਼ਮ ਗੋਲੀਆਂ ਚਲਾ ਕੇ ਬਾਹਰ ਆਏ ਅਤੇ ਬੰਦੂਕ ਦੀ ਨੋਕ ’ਤੇ ਇੱਕ ਰਾਹਗੀਰ ਦੀ ਐਕਟਿਵਾ ਲੁੱਟ ਕੇ ਫ਼ਰਾਰ ਹੋ ਗਏ। ਮੁਲਜ਼ਮਾਂ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਅਗਲੀ ਕਾਰਵਾਈ ਆਰੰਭੀ ਜਾਵੇਗੀ। ਕਰਾਸ ਕੇਸ ਦਰਜ ਕਰਨ ਦੇ ਮਾਮਲੇ ਵਿੱਚ ਡੀਸੀਪੀ ਨੇ ਕਿਹਾ ਕਿ ਦੋਨਾ ਗੁੱਟਾਂ ਦੇ ਠੀਕ ਹੋਣ ਤੋਂ ਬਾਅਦ ਪੁਲੀਸ ਜਾਂਚ ਕਰਕੇ ਅਗਲੀ ਕਾਰਵਾਈ ਜਰੂਰ ਕਰੇਗੀ।
ਪ੍ਰਿੰਕਲ ਦੇ ਪਿਤਾ ਵੱਲੋਂ ਸਹੁਰਾ ਪਰਿਵਾਰ ’ਤੇ ਸੁਪਾਰੀ ਦੇਣ ਦਾ ਦੋਸ਼
ਪ੍ਰਿੰਕਲ ਦੇ ਪਿਤਾ ਸਤਨਾਮ ਸਿੰਘ ਸ਼ੰਟੀ ਨੇ ਦੱਸਿਆ ਕਿ ਉਸ ਦਾ ਆਪਣੇ ਸਹੁਰਿਆਂ ਨਾਲ ਵਿਵਾਦ ਚੱਲ ਰਿਹਾ ਸੀ। ਪ੍ਰਿੰਕਲ ਦੀ ਲਵ ਮੈਰਿਜ ਸੀ ਤੇ ਉਸ ਨੇ ਆਪਣੇ ਸਹੁਰੇ ਦੀ ਮਰਜ਼ੀ ਖ਼ਿਲਾਫ਼ ਵਿਆਹ ਕਰਵਾਇਆ ਸੀ। ਕੁਝ ਸਮੇਂ ਤੋਂ ਪ੍ਰਿੰਕਲ ਦੀ ਪਤਨੀ ਪੇਕੇੇ ਘਰ ਗਈ ਹੋਈ ਸੀ ਜਿਸ ਮਗਰੋਂ ਦੋਵੇਂ ਧਿਰਾਂ ਵਿਚਾਲੇ ਵਿਵਾਦ ਹੋਰ ਵੱਧ ਗਿਆ ਸੀ।
ਮੈਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ: ਹਨੀ ਸੇਠੀ
ਪ੍ਰਿੰਕਲ ’ਤੇ ਹਮਲਾ ਹੋਣ ਤੋਂ ਬਾਅਦ ਖ਼ੁਦ ਖ਼ਿਲਾਫ਼ ਕੇਸ ਦਰਜ ਹੋਣ ਮਗਰੋਂ ਜੁੱਤੀਆਂ ਦੇ ਕਾਬੋਬਾਰੀ ਹਨੀ ਸੇਠੀ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਉਸ ਨੇ ਕਿਹਾ ਕਿ ਨਾ ਉਸ ਨੇ ਇਹ ਹਮਲਾ ਕੀਤਾ ਹੈ ਤੇ ਨਾ ਹੀ ਕਰਵਾਇਆ ਹੈ। ਹਨੀ ਸੇਠੀ ਨੇ ਕਿਹਾ ਕਿ ਪ੍ਰਿੰਕਲ ਨਾਲ ਉਸ ਦਾ ਵਿਵਾਦ ਜਗ ਜ਼ਾਹਰ ਹੈ, ਉਹ ਉਸ ’ਤੇ ਹਮਲਾ ਕਿਉਂ ਕਰੇਗਾ।