ਪੱਤਰ ਪ੍ਰੇਰਕ
ਮਾਛੀਵਾੜਾ, 1 ਅਕਤੂਬਰ
ਗਾਰਡਨਵੈਲੀ ਇੰਟਰਨੈਸ਼ਨਲ ਸਕੂਲ ਦੇ ਟਰੱਸਟੀ ਬਲਦੇਵ ਸਿੰਘ ’ਤੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਕਾਤਲਾਨਾ ਹਮਲਾ ਕਰਨ ਦੇ ਮਾਮਲੇ ਵਿੱਚ ਐੱਸ.ਪੀ.ਡੀ. ਸੌਰਵ ਜਿੰਦਲ, ਡੀਐੱਸਪੀ ਤਰਲੋਚਨ ਸਿੰਘ ਅਤੇ ਥਾਣਾ ਮੁਖੀ ਪਵਿੱਤਰ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮਾਂ ਨੇ ਦੋ ਦਿਨ ਸਕੂਲ ਤੋਂ ਲੈ ਕੇ ਘਟਨਾ ਵਾਲੇ ਗੜ੍ਹੀ ਪੁਲ ਸਥਾਨ ਤੱਕ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ। ਪੁਲੀਸ ਵੱਲੋਂ ਇਸ ਮਾਮਲੇ ਵਿੱਚ ਵਰਤੀ ਗਈ ਆਈ-20 ਕਾਰ ਦੀ ਤਲਾਸ਼ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਟਰੱਸਟੀ ਬਲਦੇਵ ਸਿੰਘ ਤੋਂ ਪਹਿਲਾਂ ਕੋਈ ਫਿਰੌਤੀ ਤਾਂ ਨਹੀਂ ਮੰਗੀ ਗਈ। ਹਮਲੇ ਵਿੱਚ ਜ਼ਖ਼ਮੀ ਹੋਏ ਸਕੂਲ ਟਰੱਸਟੀ ਬਲਦੇਵ ਸਿੰਘ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਹ ਆਪਣੀ ਕਾਰ ਵਿੱਚ ਆਪਣੇ ਪੁੱਤਰ ਨਾਲ ਸਕੂਲ ਤੋਂ ਵਾਪਸ ਘਰ ਚੰਡੀਗੜ੍ਹ ਜਾ ਰਹੇ ਸਨ ਕਿ ਗੜ੍ਹੀ ਪੁਲ ਨੇੜੇ ਇੱਕ ਆਈ-20 ਕਾਰ ਦੇ ਸਵਾਰਾਂ ਨੇ ਉਸ ’ਤੇ ਪਿਸਤੌਲ ਨਾਲ ਗੋਲੀ ਚਲਾ ਦਿੱਤੀ। ਇਹ ਗੋਲੀ ਉਸਦੀ ਗਰਦਨ ਦੇ ਸੱਜੇ ਪਾਸੇ ਤੋਂ ਹੁੰਦੇ ਹੋਏ ਖੱਬੇ ਪਾਸੇ ਉਸਦੇ ਮੋਬਾਈਲ ’ਤੇ ਜਾ ਵੱਜੀ। ਹਮਲਾਵਾਰ ਮੌਕੇ ਤੋਂ ਫ਼ਰਾਰ ਹੋ ਗਏ। ਮਾਛੀਵਾੜਾ ਪੁਲੀਸ ਵੱਲੋਂ ਦੋ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਸਕੂਲ ਟਰੱਸਟੀ ਨੇ ਆਪਣੇ ਬਿਆਨਾਂ ਵਿੱਚ ਕੋਈ ਵੀ ਫਿਰੌਤੀ ਮੰਗਣ ਦਾ ਜ਼ਿਕਰ ਨਹੀਂ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਦੁਸ਼ਮਣੀ ਨਹੀਂ।