ਨਿੱਜੀ ਪੱਤਰ ਪੇਰਕ
ਲੁਧਿਆਣਾ, 6 ਸਤੰਬਰ
ਥਾਣਾ ਡਵੀਜ਼ਨ ਨੰਬਰ ਸੱਤ ਦੀ ਪੁਲੀਸ ਨੇ ਕੁਲਵਿੰਦਰ ਸਿੰਘ ਵਾਸੀ ਤਾਜਪੁਰ ਬੇਟ ਦੀ ਸ਼ਿਕਾਇਤ ’ਤੇ 12 ਜਣਿਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕੁਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਰਾਤ ਅੱਠ ਵਜੇ ਦੇ ਕਰੀਬ ਉਹ ਮੋਟਰਸਾਈਕਲ ’ਤੇ ਤਾਜਪੁਰ ਰੋਡ ਸਥਿਤ ਮੁਹੱਲਾ ਗੁਰੂ ਨਾਨਕ ਨਗਰ ਵਿੱਚ ਕਿਸੇ ਨਿੱਜੀ ਕੰਮ ਲਈ ਜਾ ਰਿਹਾ ਸੀ ਤਾਂ ਉਸ ਨੂੰ ਕੁੱਝ ਨੌਜਵਾਨਾਂ ਨੇ ਘੇਰ ਲਿਆ ਅਤੇ ਉਸ ਕੋਲੋਂ ਪੈਸਿਆਂ ਦੀ ਮੰਗ ਕੀਤੀ।
ਉਸ ਦੇ ਮਨ੍ਹਾਂ ਕਰਨ ਤੇ ਉਨ੍ਹਾਂ ਨੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਇੱਕ ਨੌਜਵਾਨ ਨੇ ਉਸ ਨੂੰ ਮਾਰ ਦੇਣ ਦੀ ਨੀਯਤ ਨਾਲ ਉਸ ਦੇ ਸਿਰ ਉੱਪਰ ਵਾਰ ਕੀਤਾ ਜਿਸ ਨਾਲ ਉਹ ਸਖ਼ਤ ਜ਼ਖਮੀ ਹੋ ਗਿਆ ਅਤੇ ਬੇਹੋਸ਼ ਹੋ ਗਿਆ। ਇਸ ਦੌਰਾਨ ਹਮਲਾਵਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਜਾਂਚ ਅਧਿਕਾਰੀ ਕਰਨੈਲ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੇ ਸ਼ਿਵਾ, ਮਨੂੰ ਗੁੱਜਰ, ਲਾਡੀ ਗੁੱਜਰ, ਰੂਬੀ, ਮੁਕੇਸ਼ ਗਾਂਧੀ ਅਤੇ ਰਾਕੇਸ਼ ਗਾਂਧੀ ਸਮੇਤ 5-6 ਹੋਰ ਜਣਿਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।