ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 1 ਫਰਵਰੀ
ਪਿੰਡ ਪੰਜਗਰਾਈਆਂ ਵਿਚ ਦਿ ਲੁਧਿਆਣਾ ਸੈਂਟਰਲ ਕੋਆਪਰੇਟਿਵ ਬੈਂਕ ਵਿਖੇ ਬੀਤੀ ਰਾਤ ਚੋਰਾਂ ਵਲੋਂ ਪਾੜ੍ਹ ਲਾ ਕੇ ਉਸ ਵਿਚ ਪਏ ਨਕਦੀ ਵਾਲੇ ਲਾਕਰ ਨੂੰ ਕਟਰ ਨਾਲ ਕੱਟਣ ਦੀ ਕੋਸ਼ਿਸ਼ ਕੀਤੀ। ਬੈਂਕ ਦੇ ਮੈਨੇਜਰ ਗੁਰਚਰਨ ਸਿੰਘ ਗਿੱਲ ਜਦੋਂ ਅੱਜ ਸਵੇਰੇ ਬੈਂਕ ਪੁੱਜੇ ਤਾਂ ਉਨ੍ਹਾਂ ਦੇਖਿਆ ਕਿ ਸ਼ਟਰਾਂ ਨੂੰ ਤੋੜਿਆ ਗਿਆ ਸੀ ਅਤੇ ਅੰਦਰ ਵੀ ਕਾਫ਼ੀ ਭੰਨਤੋੜ ਕੀਤੀ ਗਈ ਸੀ। ਬੈਂਕ ਮੈਨੇਜਰ ਵਲੋਂ ਤੁਰੰਤ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ ਜਿਸ ’ਤੇ ਡੀ.ਐੱਸ.ਪੀ. ਹਰਵਿੰਦਰ ਸਿੰਘ ਖਹਿਰਾ, ਥਾਣਾ ਮੁਖੀ ਪ੍ਰਕਾਸ਼ ਮਸੀਹ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਗਏ। ਪੁਲੀਸ ਵਲੋਂ ਮੌਕੇ ’ਤੇ ਜਦੋਂ ਜਾਇਜ਼ਾ ਲਿਆ ਗਿਆ ਤਾਂ ਉਸ ਵਿਚ ਦੇਖਿਆ ਗਿਆ ਕਿ ਚੋਰਾਂ ਨੇ ਸਭ ਤੋਂ ਪਹਿਲਾਂ ਸ਼ਟਰ ਤੋੜਿਆ ਅਤੇ ਫਿਰ ਅੰਦਰ ਦਾਖਲ ਹੋ ਗਏ। ਚੋਰ ਸਿੱਧਾ ਬੈਂਕ ਦੇ ਸਟ੍ਰਾਂਗ ਰੂਮ ਵੱਲ ਗਏ ਜਿੱਥੇ ਨਕਦੀ ਵਾਲਾ ਲਾਕਰ ਹੁੰਦਾ ਹੈ। ਸਟ੍ਰਾਂਗ ਰੂਮ ਅੰਦਰ 2 ਲਾਕਰ ਸਨ ਜਿਨ੍ਹਾਂ ’ਚੋਂ ਇੱਕ ਅੰਦਰ ਜ਼ਰੂਰੀ ਦਸਤਾਵੇਜ਼ ਅਤੇ ਦੂਜੇ ਵਿਚ ਨਕਦੀ ਪਈ ਹੁੰਦੀ ਹੈ। ਚੋਰਾਂ ਵਲੋਂ ਇੱਕ ਲਾਕਰ ਨੂੰ ਕਟਰ ਨਾਲ ਕੱਟਣ ਦੀ ਕੋਸ਼ਿਸ਼ ਕੀਤੀ ਜਿਸ ਵਿਚ ਉਹ ਕਾਮਯਾਬ ਵੀ ਹੋ ਗਏ ਪਰ ਉਸ ਅੰਦਰ ਕੇਵਲ ਦਸਤਾਵੇਜ਼ ਹੀ ਪਏ ਸਨ ਜਿਸ ’ਤੇ ਚੋਰਾਂ ਨੇ ਫਿਰ ਦੂਸਰੇ ਲਾਕਰ ਨੂੰ ਕੱਟਣਾ ਸ਼ੁਰੂ ਕੀਤਾ ਜਿਸ ਵਿਚ ਉਹ ਸਫਲ ਨਹੀਂ ਹੋਏ ਤੇ ਚਲੇ ਗਏ।