ਨਿੱਜੀ ਪੱਤਰ ਪ੍ਰੇਰਕ
ਖੰਨਾ, 3 ਜੂਨ
ਅੱਜ ਇਥੋਂ ਦੇ ਸਮਰਾਲਾ ਰੋਡ ਸਥਿਤ ਓਵਰਬ੍ਰਿੱਜ ਹੇਠਾਂ ਜੱਟ ਮੰਡੀ ਵਿਚ ਕਿਸਾਨ ਮੰਡੀ ਯੂਨੀਅਨ ਦੀ ਮੀਟਿੰਗ ਅਵਤਾਰ ਸਿੰਘ ਮਾਜਰਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਬਜ਼ੀਆਂ ਵੇਚਣ ਆਉਂਦੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਯੂਨੀਅਨ ਦੀ ਸਰਬਸੰਮਤੀ ਨਾਲ ਹੋਈ ਚੋਣ ਵਿੱਚ ਅਵਤਾਰ ਸਿੰਘ ਮਾਜਰਾ ਨੂੰ ਮੁੜ ਪ੍ਰਧਾਨ ਚੁਣਦਿਆਂ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਯੂਨੀਅਨ ਦੇ ਬਾਕੀ ਅਹੁਦੇਦਾਰਾਂ ਤੇ ਕਮੇਟੀ ਦੀ ਚੋਣ ਕਰਨ ਦੇ ਅਧਿਕਾਰ ਪ੍ਰਧਾਨ ਨੂੰ ਦਿੱਤੇ ਗਏ, ਜਿਨ੍ਹਾਂ ਵੱਲੋਂ ਜਲਦ ਟੀਮ ਦਾ ਗਠਨ ਕੀਤਾ ਜਾਵੇਗਾ। ਇਸ ਮੌਕੇ ਕਿਸਾਨਾਂ ਨੇ ਮਾਰਕੀਟ ਕਮੇਟੀ ਖੰਨਾ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸ਼ਹਿਰ ਵਿੱਚ ਜਿੱਥੇ ਵੀ ਕਿਸਾਨ ਮੰਡੀ ਲੱਗਦੀ ਹੈ, ਉਸ ਥਾਂ ’ਤੇ ਮੰਡੀ ਲੱਗਣ ਦਾ ਸਮਾਂ ਤੈਅ ਕਰਨ ਦੇ ਨਾਲ-ਨਾਲ ਮੰਡੀ ਲੱਗਣ ਉਪਰੰਤ ਇਲਾਕੇ ਦੀ ਸਾਫ਼-ਸਫਾਈ ਦਾ ਪ੍ਰਬੰਧ ਕੀਤਾ ਜਾਵੇ। ਇਸੇ ਤਰ੍ਹਾਂ ਹੀ ਮੰਡੀ ਵਿੱਚ ਜਿਹੜੇ ਕਿਸਾਨ ਖੁਦ ਸਬਜ਼ੀਆਂ ਦੀ ਖੇਤੀਬਾੜੀ ਕਰਦੇ ਹਨ ਨੂੰ ਬੈਠਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਮਹਿੰਗੀ ਸਬਜ਼ੀ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਇਸ ਮੌਕੇ ਨੰਬਰਦਾਰ ਗੁਰਪਾਲ ਸਿੰਘ ਗੋਹ, ਦਵਿੰਦਰ ਸਿੰਘ ਨਸਰਾਲੀ, ਤਰਲੋਚਨ ਸਿੰਘ ਖੱਟੜਾ, ਕਰਮ ਸਿੰਘ, ਬਿਕਰਮਜੀਤ ਸਿੰਘ, ਜਗਤਾਰ ਸਿੰਘ, ਬੂੁਟਾ ਸਿੰਘ, ਦੀਪਾ ਸਲਾਣਾ, ਹਰਮਨ ਸਿੰਘ, ਪਾਲ ਸਿੰਘ, ਬਲਵਿੰਦਰ ਸਿੰਘ ਰਤਨਹੇੜੀ, ਅਵਤਾਰ ਸਿੰਘ ਸਲਾਣਾ, ਹਰਜੀਤ ਸਿੰਘ, ਗੁਰਜੀਤ ਸਿੰਘ ਦਿਆਲਪੁਰਾ, ਦਲਵਾਰ ਸਿੰਘ ਪੂੁਰਬਾ, ਮੋਹਨ ਸਿੰਘ ਤੰਗਰਾਲਾ, ਨਿਰਮਲ ਸਿੰਘ ਗੋਹ, ਜੁਗਰਾਜ ਸਿੰਘ ਤੰਗਰਾਲਾ, ਮੇਜਰ ਸਿੰਘ ਆਦਿ ਹਾਜ਼ਰ ਸਨ।