ਪੱਤਰ ਪ੍ਰੇਰਕ
ਮਾਛੀਵਾੜਾ, 8 ਜੂਨ
ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨਜ਼ (ਸੀਟੂ) ਦੇ ਸੱਦੇ ’ਤੇ ਮਨਰੇਗਾ ਮਜ਼ਦੂਰਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ 20 ਰੋਜ਼ਾ ਪ੍ਰਚਾਰ ਮੁਹਿੰਮ ਪਿੰਡਾਂ ਵਿਚ ਲੜੀਵਾਰ ਚਲਾਈ ਜਾ ਰਹੀ ਹੈ। ਇਸ ਮੌਕੇ ਸੀਟੂ ਦੇ ਸੂਬਾ ਸਕੱਤਰ ਅਮਰਨਾਥ ਕੂੰਮਕਲਾਂ, ਮੀਤ ਪ੍ਰਧਾਨ ਪਰਮਜੀਤ ਨੀਲੋਂ ਅਤੇ ਨੰਬਰਦਾਰ ਹਰੀ ਰਾਮ ਭੱਟੀ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ਨੂੰ ਹਰਾਉਣ ਅਤੇ ਆਉਣ ਵਾਲੇ ਸਮੇਂ ’ਚ ਉੱਤਰ ਪ੍ਰਦੇਸ਼, ਉਤਰਾਖੰਡ ਆਦਿ ਸੂਬਿਆਂ ਵਿਚ ਆ ਰਹੀਆਂ ਚੋਣਾਂ ਦੇ ਮੱਦੇਨਜ਼ਰ ਗ਼ਰੀਬ ਲੋਕਾਂ, ਦਲਿਤ ਭਾਈਚਾਰੇ ਦੀਆਂ ਵੋਟਾਂ ਬਟੋਰਨ ਲਈ ਪੰਜ ਕਿਲੋ ਅਨਾਜ ਦੇਣ ਦੀ ਸਹੂਲਤ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਆਗੂਆਂ ਨੇ ਕਿਹਾ ਕਿ ਜਿਹੜੇ ਵਿਅਕਤੀ ਆਮਦਨ ਟੈਕਸ ਦੇ ਘੇਰੇ ’ਚ ਨਹੀਂ ਆਉਂਦੇ ਉਨ੍ਹਾਂ ਨੂੰ 7500-7500 ਰੁਪਏ ਨਗਦੀ ਦੇ ਰੂਪ ਵਿਚ ਦਿੱਤੇ ਜਾਣ, ਮਨਰੇਗਾ ਮਜ਼ਦੂਰਾਂ ਨੂੰ ਸਾਲ ਵਿਚ 200 ਦਿਨ ਕੰਮ ਦਿੱਤਾ ਜਾਵੇ ਅਤੇ ਕੰਮ ਨਾ ਹੋਣ ਦੀ ਸੂਰਤ ’ਚ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ, ਮਨਰੇਗਾ ਕਾਨੂੰਨ ਨੂੰ ਸ਼ਹਿਰਾਂ ਵਿਚ ਵੀ ਲਾਗੂ ਕੀਤਾ ਜਾਵੇ। ਸੀਟੂ ਆਗੂਆਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਮਜ਼ਦੂਰ ਮੋਦੀ ਦੀਆਂ ਲੂੰਬੜਚਾਲਾਂ ਵਿਚ ਨਹੀਂ ਫਸਣਗੇ।