ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 25 ਮਾਰਚ
ਕੁੱਲ ਹਿੰਦ ਕਿਸਾਨ ਸਭਾ ਵਲੋਂ ਅੱਜ ਪਿੰਡ ਝੜੌਦੀ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ 26 ਮਾਰਚ ਦੇ ਭਾਰਤ ਬੰਦ ਦੇ ਸੱਦੇ ਸਬੰਧੀ ਚੇਤਨਾ ਮਾਰਚ ਕੱਢਿਆ ਗਿਆ ਅਤੇ ਕੇਂਦਰ ਸਰਕਾਰ ਖਿਲਾਫ਼ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਲੈਣ ਲਈ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪ੍ਰਧਾਨ ਨਿੱਕਾ ਸਿੰਘ ਖੇੜਾ ਨੇ ਕਿਹਾ ਕਿ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਪਿਛਲੇ 4 ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਪ੍ਰਦਰਸ਼ਨ ਕਰ ਰਹੇ ਹਨ ਪਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਕੋਝੀਆਂ ਚਾਲ੍ਹਾਂ ਚੱਲ ਕੇ ਅੰਦੋਲਨ ਨੂੰ ਖਤਮ ਕਰਨ ’ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ’ਚ 26 ਮਾਰਚ ਨੂੰ ਸਵੇਰੇ 6 ਤੋਂ ਸ਼ਾਮ 6 ਵਜੇ ਤੱਕ ਸੜਕੀ ਤੇ ਰੇਲ ਆਵਾਜਾਈ, ਬਾਜ਼ਾਰ ਅਤੇ ਹੋਰ ਜਨਤਕ ਥਾਵਾਂ ਨੂੰ ਬੰਦ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਬੰਦ ਨੂੰ ਸਫ਼ਲ ਬਣਾਉਣ ਲਈ ਦੇਸ਼ ਦੇ ਅੰਨਦਾਤਾ ਦਾ ਪੂਰਣ ਸਹਿਯੋਗ ਦੇਣ। ਇਸ ਮੌਕੇ ਮਸਤਾ ਸਿੰਘ ਜੱਸੋਵਾਲ, ਰਣਜੀਤ ਸਿੰਘ ਜਾਤੀਵਾਲ, ਹਰਦੇਵ ਸਿੰਘ ਬਾਗ, ਛਿੰਦਰਪਾਲ ਸਿੰਘ ਮੁਗਲੇਵਾਲ, ਭੁਪਿੰਦਰ ਸਿੰਘ ਜੱਸੋਵਾਲ, ਸ਼ਾਮ ਸਿੰਘ ਰੂੜੇਵਾਲ, ਜਰਨੈਲ ਸਿੰਘ ਜੁਲਫ਼ਗੜ੍ਹ, ਪਾਲ ਸਿੰਘ, ਅਸ਼ੋਕ ਕੁਮਾਰ ਚਕਲੀ ਮੰਗਾ, ਨਵਤੇਜ ਸਿੰਘ ਮਾਛੀਵਾੜਾ, ਰੌਸ਼ਨ ਲਾਲ, ਨਵਜੀਤ ਸਿੰਘ, ਅਮਰਚੰਦ ਲੁਬਾਣਗੜ੍ਹ, ਕਰਨੈਲ ਰਾਏ ਝੜੌਦੀ, ਕਰਨਦੀਪ, ਅਵਤਾਰ ਸਿੰਘ ਟਾਂਡਾ ਕੁਸ਼ਲ ਸਿੰਘ ਆਦਿ ਹਾਜ਼ਰ ਸਨ।