ਪੱਤਰ ਪ੍ਰੇਰਕ
ਜਗਰਾਉਂ, 9 ਜੁਲਾਈ
ਪੁਲੀਸ ਥਾਣਾ ਸ਼ਹਿਰੀ ਨੇ ਐਕਸਿਸ ਬੈਂਕ ਬ੍ਰਾਂਚ ਪਿੰਡ ਭੰਮੀਪੁਰਾ ਦੀ ਕੈਸ਼ੀਅਰ ਕੋਲੋਂ ਉਸ ਦੇ ਸਕੂਟਰ ਅੱਗੇ ਟੰਗਿਆ ਪਰਸ ਖੋਹ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਵਾਪਰਨ ਦੇ ਤਿੰਨ ਦਿਨ ਬਾਅਦ ਕੈਸ਼ੀਅਰ ਵਰਖਾ ਜੈਨ ਵਾਸੀ ਗੋਬਿੰਦ ਕਲੋਨੀ ਅਗਵਾੜ ਖੁਵਾਜਾ ਬਾਜੂ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਕਿ ਲੰਘੀ 4 ਜੁਲਾਈ ਨੂੰ ਜਦੋਂ ਉਹ ਇੱਥੇ ਲਾਲਾ ਲਾਜਪਤ ਰਾਏ ਰੋਡ ’ਤੇ ਸਥਿਤ ਬੈਂਕ ਦੀ ਬ੍ਰਾਂਚ ’ਚ ਕੰਮ ਜਾ ਰਹੀ ਸੀ ਤਾਂ ਗੀਤਾ ਕਲੋਨੀ ਗਲੀ ਨੰਬਰ ਇੱਕ ਕੋਲ ਦੋ ਮੋਟਰਸਾਈਕਲ ’ਤੇ ਸਵਾਰ ਅਣਪਛਾਤੇ ਨੌਜਵਾਨਾਂ ਨੇ ਸਕੂਟਰ ਦੇ ਬਰਾਬਰ ਮੋਟਰਸਾਈਕਲ ਲਗਾ ਕੇ ਸਕੂਟਰ ਦੇ ਅੱਗੇ ਟੰਗਿਆ ਪਰਸ ਖੋਹਿਆ ਤੇ ਮੋਟਰਸਾਈਕਲ ਭਜਾ ਕੇ ਲੈ ਗਏ। ਪੀੜਤ ਅਨੁਸਾਰ ਉਸ ਨੇ ਸਕੂਟਰ ਮਗਰ ਲਗਾ ਕੇ ਉਨ੍ਹਾਂ ਦਾ ਪਿੱਛਾ ਕੀਤਾ ਪਰ ਉਹ ਦੂਰ ਨਿਕਲ ਗਏ ਸਨ। ਪਰਸ ਵਿੱਚ ਬੈਂਕ ਲਾਕਰ ਦੀਆਂ 8 ਚਾਬੀਆਂ, ਵੀਵੋ ਕੰਪਨੀ ਦਾ ਮੋਬਾਈਲ ਫੋਨ, ਬਲੈਂਕ ਡੀ.ਡੀ,ਆਈ.ਡੀ ਪਰੂਫ, ਪੈਨ ਕਾਰਡ, ਆਧਾਰ ਕਾਰਡ, ਪਾਸਪੋਟਰ ਸਾਈਜ਼ ਫੋਟੋ ਅਤੇ 7000 ਰੁਪਏ ਸਨ। ਥਾਣੇ ਦੇ ਏ.ਐਸ.ਆਈ.ਤਰਸੇਮ ਸਿੰਘ ਨੇ ਦੱਸਿਆ ਕਿ ਬੈਂਕ ਕੈਸ਼ੀਅਰ ਵਰਖਾ ਜੈਨ ਦੀ ਸ਼ਿਕਾਇਤ ’ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਖਿਲ਼ਾਫ ਕੇਸ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਦੀ ਭਾਲ ਲਈ ਯਤਨ ਆਰੰਭ ਦਿੱਤੇ ਹਨ।