ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 22 ਅਪਰੈਲ
ਮਾਛੀਵਾੜਾ ਦਾ ਸਰਕਾਰੀ ਹਸਪਤਾਲ ਜਣੇਪੇ ਦੌਰਾਨ ਇੱਕ ਬੱਚੇ ਦੀ ਮੌਤ ਹੋ ਗਈ ਜਿਸ ਕਾਰਨ ਪਰਿਵਾਰਕ ਮੈਂਬਰਾਂ ਵਿੱਚ ਸਿਹਤ ਵਿਭਾਗ ਖਿਲਾਫ਼ ਰੋਸ ਪਾਇਆ ਜਾ ਰਿਹਾ ਹੈ। ਡਾਕਟਰਾਂ ਤੇ ਸਟਾਫ਼ ਦੀ ਘਾਟ ਕਾਰਨ ਅਤੇ ਕਥਿਤ ਮਾੜੇ ਪ੍ਰਬੰਧਾਂ ਇਹ ਹਸਪਤਾਲ ਵਿਚ ਪਹਿਲਾਂ ਹੀ ਚਰਚਾ ’ਚ ਰਹਿੰਦਾ ਹੈ।
ਪਿੰਡ ਸੈਸੋਂਵਾਲ ਕਲਾਂ ਦੇ ਰਮਨਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਪਤਨੀ ਪੂਜਾ ਕੁਮਾਰੀ, ਜੋ ਕਿ 6 ਸਾਲ ਬਾਅਦ ਗਰਭਵਤੀ ਹੋਈ, ਨੂੰ ਜਣੇਪੇ ਲਈ ਮਾਛੀਵਾੜਾ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਰਾਤ 9 ਵਜੇ ਉਸ ਨੂੰ ਦਾਖਲ ਕਰਵਾਇਆ ਅਤੇ 12 ਵਜੇ ਉਸ ਨੂੰ ਦਰਦਾਂ ਸ਼ੁਰੂ ਹੋ ਗਈਆਂ ਪਰ ਉਸ ਸਮੇਂ ਵੀ ਹਸਪਤਾਲ ’ਚ ਕੋਈ ਡਾਕਟਰ ਮੌਜੂਦ ਨਹੀਂ ਸੀ। ਡਿਊਟੀ ’ਤੇ ਤਾਇਨਾਤ ਸਟਾਫ਼ ਨਰਸ ਅਤੇ ਆਸ਼ਾ ਵਰਕਰ ਪੂਜਾ ਨੂੰ ਲੇਬਰ ਰੂਮ ਵਿੱਚ ਲੈ ਗਈਆਂ ਪਰ ਡਿਲਿਵਰੀ ਲਈ ਕੋਈ ਵੀ ਡਾਕਟਰ ਨਾ ਪੁੱਜਾ। ਉਨ੍ਹਾਂ ਦੱਸਿਆ ਕਿ ਅਖੀਰ ਜਦੋਂ ਡਿਲਿਵਰੀ ਦੌਰਾਨ ਬੱਚਾ ਫਸ ਗਿਆ ਤਾਂ ਬਾਹਰੋਂ ਪ੍ਰਾਈਵੇਟ ਡਾਕਟਰ ਬੁਲਾਇਆ ਗਿਆ ਜਿਸ ਨੇ ਬੱਚੇ ਨੂੰ ਬੜੀ ਮੁਸ਼ਕਿਲ ਨਾਲ ਕੱਢਿਆ ਅਤੇ ਇਸ ਦੌਰਾਨ ਉਸ ਦੀ ਮੌਤ ਹੋ ਗਈ। ਰਮਨਦੀਪ ਸਿੰਘ ਨੇ ਬੱਚੇ ਦੀ ਮੌਤ ਲਈ ਹਸਪਤਾਲ ਦੇ ਕਥਿਤ ਮਾੜੇ ਪ੍ਰਬੰਧਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਸਰਕਾਰ ਤੇ ਪ੍ਰਸ਼ਾਸਨ ਤੋਂ ਮਾਮਲੇ ’ਚ ਕਾਰਵਾਈ ਦੀ ਮੰਗ ਕੀਤੀ ਹੈ
ਪਹਿਲਾਂ ਵੀ ਨਰਸਾਂ ਡਿਲਿਵਰੀਆਂ ਕਰਦੀਆਂ ਨੇ: ਐੱਸਐੱਮਓ
ਮਾਛੀਵਾੜਾ ਸਰਕਾਰੀ ਹਸਪਤਾਲ ’ਚ ਤਾਇਨਾਤ ਐੱਸਐੱਮਓ ਡਾ. ਜਸਪ੍ਰੀਤ ਕੌਰ ਨੇ ਦੱਸਿਆ ਕਿ ਇੱਥੇ ਡਿਊਟੀ ਲਈ 6 ਡਾਕਟਰ ਚਾਹੀਦੇ ਹਨ ਪਰ ਇੱਕ ਡਾਕਟਰ ਨਾਲ ਕੰਮ ਚਲਾਇਆ ਜਾ ਰਿਹਾ ਹੈ ਜਦਕਿ ਦੂਜਾ ਡਾਕਟਰ ਸਮਰਾਲਾ ਤੋਂ ਵਿਸ਼ੇਸ਼ ਤੌਰ ’ਤੇ ਓਪੀਡੀ ਲਈ ਆਰਜ਼ੀ ਤੌਰ ’ਤੇ ਬੁਲਾਇਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹਸਪਤਾਲ ’ਚ ਬਾਅਦ ਦੁਪਹਿਰ 3 ਵਜੇ ਤੋਂ ਸਵੇਰੇ 9 ਵਜੇ ਤੱਕ ਐਮਰਜੈਂਸੀ ਲਈ ਕੋਈ ਵੀ ਡਾਕਟਰ ਤਾਇਨਾਤ ਨਹੀਂ ਰਹਿੰਦਾ ਅਤੇ ਜੇਕਰ ਬਹੁਤ ਜ਼ਿਆਦਾ ਲੋੜ ਹੋਵੇ ਤਾਂ ਕਾਲ ਕਰਕੇ ਬੁਲਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਹਸਪਤਾਲ ’ਚ ਡਾਕਟਰਾਂ ਦੀ ਘਾਟ ਕਾਰਨ ਪਹਿਲਾਂ ਵੀ ਨਰਸਾਂ ਡਿਲਿਵਰੀ ਕਰਦੀਆਂ ਹਨ ਪਰ ਬੱਚੇ ਦੀ ਮੌਤ ਹੋਣ ਦਾ ਉਨ੍ਹਾਂ ਨੂੰ ਅਫ਼ਸੋਸ ਹੈ।