ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 31 ਮਾਰਚ
ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਕਿਹਾ ਕਿ ਕਿਸੇ ਵੀ ਸੂਬੇ ਦੀ ਅਰਥ ਵਿਵਸਥਾ ’ਚ ਇੰਡਸਟਰੀ ਗ੍ਰੋਥ ਸਭ ਤੋਂ ਅਹਿਮ ਹੁੰਦੀ ਹੈ ਪਰ ਪੰਜਾਬ ਦੇ ਹਾਲਤ ਇਹ ਹਨ ਕਿ ਇੱਥੋਂ ਦੀ ਇੰਡਸਟਰੀ ਗ੍ਰੋਥ ਤਾਂ ਵੈਂਟੀਲੇਟਰ ’ਤੇ ਹੈ। ਕੋਈ ਵੱਡਾ ਇੰਡਸਟਰੀਅਲ ਨਿਵੇਸ਼ ਕਰਨ ਨਹੀਂ ਆ ਰਿਹਾ ਹੈ। ਇਨ੍ਹਾਂ ਸਭ ਲਈ ਪੰਜਾਬ ਦੀ ਕੈਪਟਨ ਸਰਕਾਰ ਜ਼ਿੰਮੇਵਾਰ ਹੈ। ਮਲੋਟ ’ਚ ਭਾਜਪਾ ਵਿਧਾਇਕ ਨਾਲ ਹੋਈ ਕੁੱਟਮਾਰ ਸਬੰਧੀ ਮਜੀਠੀਆ ਨੇ ਕਿਹਾ ਕਿ ਇਹ ਨਿੰਦਣਯੋਗ ਘਟਨਾ ਹੈ ਪਰ ਭਾਜਪਾ ਨੂੰ ਵੀ ਇਹ ਸੋਚਣਾ ਪਵੇਗਾ ਕਿ ਆਖਰ ਜਦੋਂ ਅਜਿਹਾ ਮਾਹੌਲ ਹੈ ਤਾਂ ਉਨ੍ਹਾਂ ਦੇ ਆਗੂ ਖੁਦ ਮਾਹੌਲ ਖਰਾਬ ਕਿਉਂ ਕਰ ਰਹੇ ਹਨ। ਬੈਂਸ ਭਰਾਵਾਂ ਦਾ ਸਾਥ ਛੱਡ ਕੇ ਲੰਮੇ ਸਮੇਂ ਤੋਂ ਘਰ ਬੈਠੇ ਯੂਥ ਆਗੂ ਸੁਰਿੰਦਰ ਸਿੰਘ ਗਰੇਵਾਲ ਨੂੰ ਅੱਜ ਬਿਕਰਮ ਸਿੰਘ ਮਜੀਠੀਆ ਨੇ ਦੁਬਾਰਾ ਅਕਾਲੀ ਦਲ ਵਿਚ ਸ਼ਾਮਲ ਕਰਵਾਇਆ। ਮਜੀਠੀਆ ਨੇ ਗਰੇਵਾਲ ਦੇ ਨਿਵਾਸ ਸਥਾਨ ’ਤੇ ਕਿਹਾ ਕਿ ਜਲਦ ਹੀ ਗਰੇਵਾਲ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਜਾਵੇਗੀ।