ਗਗਨਦੀਪ ਅਰੋੜਾ
ਲੁਧਿਆਣਾ, 18 ਜੁਲਾਈ
ਫੌਜ ਵਿਚ ਭਰਤੀ ਕਰਵਾਉਣ ਦੇ ਨਾਂ ’ਤੇ ਪੰਜਾਬ ਦੇ ਨੌਜਵਾਨਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਦੇ ਮਾਮਲੇ ’ਚ ਨੌਜਵਾਨਾਂ ਦੇ ਹੱਕ ਵਿਚ ਲੋਕ ਇਨਸਾਫ਼ ਪਾਰਟੀ ਮੁਖੀ ਸਿਮਰਜੀਤ ਸਿੰਘ ਬੈਂਸ ਵੀ ਮੈਦਾਨ ’ਚ ਨਿੱਤਰ ਆਏ ਹਨ। ਸ਼ਨਿੱਚਰਵਾਰ ਨੂੰ ਕੋਟ ਮੰਗਲ ਸਿੰਘ ਪਾਰਟੀ ਦੇ ਮੁੱਖ ਦਫ਼ਤਰ ਵਿਚ ਰੱਖੀ ਮੀਟਿੰਗ ਦੌਰਾਨ ਵਿਧਾਇਕ ਬੈਂਸ ਨੇ ਸਾਫ਼ ਕਿਹਾ ਕਿ ਪੰਜਾਬ ਤੋਂ ਲਗਪਗ 350 ਨੌਜਵਾਨ ਇਸ ਠੱਗੀ ਦਾ ਸ਼ਿਕਾਰ ਬਣ ਚੁੱਕੇ ਹਨ।
ਇਸ ਲਈ ਸਿੱਧੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜ਼ਿੰਮੇਵਾਰ ਹੈ, ਕਿਉਂਕਿ ਉਨ੍ਹਾਂ ਨੇ ਘਰ ਘਰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ। ਊਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੀੜਤ ਨੌਜਵਾਨਾਂ ਤੋਂ ਪਤਾ ਲੱਗਿਆ ਕਿ ਠੱਗ ਨੇ 25 ਕਰੋੜ ਤੋਂ ਵੱਧ ਦੀ ਠੱਗੀ ਮਾਰੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੂੰ ਰਾਜਪਾਲ, ਵਰਿੰਦਰ, ਜਸਪਾਲ ਅਤੇ ਸੰਦੀਪ ਨੇ ਠੱਗਿਆ ਹੈ। ਉਨ੍ਹ੍ਵਾਂ ਦੱਸਿਆ ਕਿ ਕਿਸੇ ਨੌਜਵਾਨ ਤੋਂ 2.50 ਲੱਖ, ਕਿਸੇ ਕੋਲੋਂ 3 ਲੱਖ ਰੁਪਏ ਦੇ ਹਿਸਾਬ ਨਾਲ ਠੱਗੀ ਮਾਰੀ ਗਈ। ਵਿਧਾਇਕ ਬੈਂਸ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੇ ਬਠਿੰਡਾ ਦੇ ਐੱਸਐੱਸਪੀ ਨੂੰ ਸ਼ਿਕਾਇਤ ਵੀ ਦਿੱਤੀ ਪਰ ਤੁਰੰਤ ਐੱਫਆਈਆਰ ਦਰਜ ਕਰਨਾ ਤਾਂ ਦੂਰ ਦੀ ਗੱਲ ਹੁਣ ਤੱਕ ਕਰੀਬ 15 ਦਿਨ ਬੀਤ ਚੁੱਕੇ ਹਨ ਪਰ ਪੁਲੀਸ ਨੇ ਇਨ੍ਹਾਂ ਨੌਜਵਾਨਾਂ ਦੇ ਬਿਆਨ ਕਲਮਬੱਧ ਨਹੀਂ ਕੀਤੇ।
ਵਿਧਾਇਕ ਬੈਂਸ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਦੇ ਕੁਝ ਮਾਪਿਆਂ ਨੇ ਆਪਣੀ ਜਮੀਨਾਂ ਗਿਰਵੀਆਂ ਰੱਖ ਕੇ ਪੈਸੇ ਦਿੱਤੇ, ਕਿਸੇ ਮਾਂ ਨੇ ਆਪਣਾ ਗਹਿਣੇ ਵੇਚ ਕੇ ਦਿੱਤਾ ਅਤੇ ਠੱਗ ਪੁਲੀਸ ਨਾਲ ਮਿਲੀਭੁਗਤ ਕਰਕੇ ਅੱਜ ਵੀ ਆਜ਼ਾਦ ਘੁੰਮ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਇਨਸਾਫ਼ ਪਾਰਟੀ ਇਨ੍ਹਾਂ ਨੌਜਵਾਨਾਂ ਦੇ ਨਾਲ ਖੜ੍ਹੀ ਹੈ ਅਤੇ ਇਸ ਮਾਮਲੇ ਵਿਚ ਉਹ ਅੱਜ ਹੀ ਐੱਸਐੱਸਪੀ ਨਾਲ ਗੱਲ ਕਰਨਗੇ ਤੇ ਨੌਜਵਾਨਾਂ ਨੂੰ ਜੋ ਵੀ ਕਾਨੂੰਨੀ ਮਦਦ ਦੀ ਲੋੜ ਹੋਵੇਗੀ, ਉਹ ਦਿੱਤੀ ਜਾਏਗੀ।