ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 20 ਜੂਨ
ਸਾਹਿਤ ਸਭਾ ਦੀ ਇਕੱਤਰਤਾ ਦੌਰਾਨ ਸਭਾ ਦੇ ਕਰੀਬ 12 ਮੈਂਬਰਾਂ ਨੇ ਹਾਜ਼ਰੀ ਭਰੀ। ਸਭਾ ਦੀ ਕਾਰਵਾਈ ਦਾ ਅਰੰਭ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਣਾਏ ਪਿਛਲੇ ਦਿਨੀਂ ਵਿਛੜ ਗਏ ਡਾ. ਹਰਨੇਕ ਕੋਮਲ , ਹਰਚਰਨ ਸਿੰਘ ਬੇਦੀ, ਮਹਿੰਦਰ ਸਾਥੀ, ਸੁਖਦੇਵ ਬੜੀ ਅਤੇ ਉੱਡਣਾ ਸਿੱਖ ਮਿਲਖਾ ਸਿੰਘ ਨੂੰ ਸ਼ਰਧਾਂਜਲੀ ਦੇਣ ਨਾਲ ਹੋਇਆ। ਉਪਰੰਤ ਰਾਜਦੀਪ ਤੂਰ ਅਤੇ ਪ੍ਰਭਜੋਤ ਸੋਹੀ ਨੇ ਸਭਾ ਦੇ ਮੋਢੀ ਮੈਂਬਰ ਬਲਵੰਤ ਸਿੰਘ ਮੁਸਾਫਿਰ ਦੇ ਲਿਖੇ ਨਾਵਲ ‘ਸੁਜੀਤ ਕੁਝ ਤਾਂ ਬੋਲ’ ਨੂੰ ਲੋਕ ਅਰਪਣ ਕਰਨ ਲਈ ਸਭਾ ਦੇ ਮੈਂਬਰਾਂ ਨੂੰ ਸੱਦਾ ਦਿੱਤਾ। ਸਭਾ ਦੇ ਮੈਂਬਰਾਂ ਨੇ ਜ਼ੋਰਦਾਰ ਤਾੜੀਆਂ ਦੀ ਗੜ੍ਹ-ਗੜਾਹਟ ’ਚ ‘ਸੁਜ਼ੀਤ ਕੁੱਝ ਤਾਂ ਬੋਲ’ ਦੀ ਘੁੰਢ ਚੁਕਾਈ ਕੀਤੀ। ਅੰਤਿਮ ਪੜਾਅ ’ਚ ਗਜ਼ਲਾਂ ,ਗੀਤਾਂ ,ਕਵਿਤਾਵਾਂ ਦਾ ਦੌਰ ਅਰੰਭ ਹੋਇਆ ਜਿਸ ਵਿੱਚ ਸਭ ਤੋਂ ਪਹਿਲਾਂ ਹਰਬੰਸ ਅਖਾੜਾ ਨੇ ਕਹਾਣੀ ‘ਬਹੁਰ ਨਾ ਮਰਨਾ ਹੋਏ’, ਹਰਪ੍ਰੀਤ ਅਖਾੜਾ ਨੇ ਕਵਿਤਾ ‘ਕੁਦਰਤ’, ਪ੍ਰੋ. ਕਰਮ ਸਿੰਘ ਸੰਧੂ ਨੇ ਨਜ਼ਮ ‘ਲਾਵਾਰਸ’, ਹਰਦੀਪ ਨੇ ਕਵਿਤਾ ਪੇਸ਼ ਕਰ ਹਾਜ਼ਰੀ ਲਵਾਈ।