ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 8 ਫਰਵਰੀ
ਇਥੋਂ ਦੀਆਂ ਕਈ ਬੈਂਕਾਂ ’ਚ ਅੱਜ ਜ਼ਰੂਰੀ ਕੰਮਕਾਜ ਲਈ ਪਹੁੰਚੇ ਲੋਕਾਂ ਨੂੰ ਉਦੋਂ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ, ਜਦੋਂ ਬੈਂਕਾਂ ਅੱਗੋਂ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਬੰਦ ਮਿਲਿਆ। ਕੁਝ ਬੰਦ ਬੈਂਕਾਂ ਦੇ ਅੱਗੇ ਤਖਤੀ ’ਤੇ ਲਿਖਿਆ ਮਿਲਿਆ ਕਿ ਸਾਰੇ ਸਟਾਫ਼ ਦੀ ਚੋਣਾਂ ’ਚ ਡਿਊਟੀ ਲੱਗਣ ਕਰ ਕੇ ਅਤੇ ਰਿਹਰਸਲ ’ਚ ਗਏ ਹੋਣ ਕਰਕੇ ਅੱਜ ਬੈਂਕ ਬੰਦ ਰਹੇਗਾ। ਬੈਂਕਾਂ ਜਾਂ ਪ੍ਰਸ਼ਾਸਨ ਵੱਲੋਂ ਪਹਿਲਾਂ ਇਸ ਦੀ ਕੋਈ ਸੂਚਨਾ ਜਾਰੀ ਨਹੀਂ ਕੀਤੀ ਗਈ ਸੀ, ਜਿਸ ਕਰਕੇ ਲੋਕ ਆਮ ਵਾਂਗ ਬੈਂਕਾਂ ’ਚ ਆ ਰਹੇ ਸਨ। ਕਾਲਜ ਰੋਡ ਸਥਿਤ ਕੇਨਰਾ ਬੈਂਕ ’ਚ ਇਕ ਸਕੂਲ ਦੀ ਫੀਸ ਜਮ੍ਹਾਂ ਕਰਵਾਉਣ ਆਏ ਕਰਮਜੀਤ ਸਿੰਘ ਨੂੰ ਵੀ ਨਿਰਾਸ਼ ਹੋਣਾ ਪਿਆ ਜਦੋਂ ਬੈਂਕ ਦੇ ਗਾਰਡ ਨੇ ਕਿਹਾ ਕਿ ਸਾਰਾ ਸਟਾਫ਼ ਚੋਣ ਡਿਊਟੀ ’ਤੇ ਗਿਆ ਹੋਇਆ ਹੈ। ਉਸ ਨੇ ਬੈਂਕ ਦੇ ਬਾਹਰ ਟੰਗੀ ਹੋਈ ਤਖ਼ਤੀ ਵੀ ਦਿਖਾਈ ਜਿਸ ’ਤੇ ਇਸ ਬਾਬਤ ਸੂਚਨਾ ਲਿਖੀ ਹੋਈ ਸੀ। ਇਸੇ ਤਰ੍ਹਾਂ ਆਪਣੇ ਪੁੱਤ ਨੂੰ ਕੈਨੇਡਾ ਭੇਜਣ ਲਈ ਫੀਸ ਭਿਜਵਾਉਣ ਆਏ ਜਰਨੈਲ ਸਿੰਘ ਤੇ ਅਸ਼ੋਕ ਕੁਮਾਰ ਜਦੋਂ ਬੈਂਕ ਆਫ ਇੰਡੀਆ ਪਹੁੰਚੇ ਤਾਂ ਬੈਂਕ ਬੰਦ ਮਿਲਿਆ। ਇਸੇ ਬੈਂਕ ’ਚ ਡੀਏਵੀ ਸਕੂਲ ’ਚ ਪੜ੍ਹਦੇ ਬੱਚੇ ਦੀ ਫੀਸ ਜਮ੍ਹਾਂ ਕਰਵਾਉਣ ਆਏ ਰੋਹਿਤ ਨੇ ਕਿਹਾ ਕਿ ਘੱਟੋ-ਘੱਟ ਅਗਾਊਂ ਸੂਚਨਾ ਦੇਣੀ ਬਣਦੀ ਸੀ ਤਾਂ ਜੋ ਲੋਕ ਆਪਣੇ ਕੰਮਕਾਜ ਛੱਡ ਕੇ ਨਾ ਆਉਣ ਤੇ ਖੁਆਰੀ ਤੋਂ ਬਚ ਸਕਣ। ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਕਿਸੇ ਵੀ ਬੈਂਕ ਜਾਂ ਹੋਰ ਅਦਾਰੇ ਦਾ ਸਮੁੱਚਾ ਸਟਾਫ਼ ਇਸ ਤਰ੍ਹਾਂ ਡਿਊਟੀ ’ਤੇ ਨਾ ਸਦੇ ਤਾਂ ਜੋ ਲੋਕਾਂ ਨੂੰ ਕੰਮਕਾਜ ਵਾਲੇ ਦਿਨਾਂ ’ਚ ਪ੍ਰੇਸ਼ਾਨੀ ਨਾ ਝੱਲਣੀ ਪਵੇ। ਘੱਟੋ-ਘੱਟ ਸਟਾਫ਼ ਦੇ ਕੁਝ ਮੈਂਬਰ ਲਾਜ਼ਮੀ ਹੋਣੇ ਚਾਹੀਦੇ ਹਨ ਤਾਂ ਜੋ ਕੰਮਕਾਜ ਚੱਲਦਾ ਰਹੇ। ਦੂਸਰਾ ਜੇਕਰ ਕਿਸੇ ਦਿਨ ਅਤਿ ਜ਼ਰੂਰੀ ਕਾਰਨਾਂ ਕਰਕੇ ਅਜਿਹਾ ਕਰਨਾ ਵੀ ਪਵੇ ਤਾਂ ਪ੍ਰਸ਼ਾਸਨ ਤੇ ਸਬੰਧਤ ਅਦਾਰਾ ਅਗਾਊਂ ਸੂਚਨਾ ਦੇਵੇ ਕਿਉਂਕਿ ਆਧੁਨਿਕ ਦੌਰ ’ਚ ਸੂਚਨਾ ਦੇ ਕਈ ਸਾਧਨ ਮੌਜੂਦ ਸਨ।