ਪੱਤਰ ਪ੍ਰੇਰਕ
ਪਾਇਲ, 24 ਸਤੰਬਰ
ਫਰਜ਼ੀ ਆਮਦਨ ਕਰ ਵਿਭਾਗ ਦੇ ਅਧਿਕਾਰੀ ਬਣ ਕੇ ਨੇੜਲੇ ਪਿੰਡ ਰੋਹਣੋਂ ਖੁਰਦ ਵਿੱਚ ਕਿਸਾਨ ਸੱਜਣ ਸਿੰਘ ਦੇ ਘਰੋਂ 25 ਲੱਖ ਰੁਪਏ ਲੁੱਟਣ ਦੇ ਮਾਮਲੇ ਵਿੱਚ ਸ਼ਾਮਲ ਦੋ ਮੁਲਜ਼ਮਾਂ ਦੀਆਂ ਅਗਾਊਂ ਜ਼ਮਾਨਤਾਂ ਲੁਧਿਆਣਾ ਦੇ ਵਧੀਕ ਸ਼ੈਸਨ ਜੱਜ ਮਨੋਜ ਕੁਮਾਰ ਦੀ ਅਦਾਲਤ ਨੇ ਖਾਰਜ ਕਰ ਦਿੱਤੀਆਂ ਹਨ। ਇਹ ਜਾਣਕਾਰੀ ਪੀੜਤ ਕਿਸਾਨ ਸੱਜਣ ਸਿੰਘ ਅਤੇ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਲੁੱਟ-ਖੋਹ ਦਾ ਮੁੱਖ ਸਾਜ਼ਿਸ਼ਘਾੜਾ ਗੁਰਚਰਨ ਸਿੰਘ ਉਰਫ ਚੰਦ ਪਿੰਡ ਪਮਾਲੀ ਥਾਣਾ ਜੋਧਾਂ ਅਤੇ ਉਸਦਾ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਵਾਸੀ ਪਿੰਡ ਝੱਮਟ ਥਾਣਾ ਪਾਇਲ ਨੇ ਅਗਾਊਂ ਜ਼ਮਾਨਤਾਂ ਲਈ ਅਰਜ਼ੀਆਂ ਲਗਾਈਆਂ ਸਨ। ਅਦਾਲਤ ਵੱਲੋਂ ਦੋਹਾਂ ਧਿਰਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦੋਵਾਂ ਮੁਲਜ਼ਮਾਂ ਦੀਆਂ ਜ਼ਮਾਨਤ ਅਰਜ਼ੀਆਂ ਖਾਰਜ ਕਰ ਦਿੱਤੀਆਂ। ਜ਼ਮਾਨਤ ਖਾਰਜ ਹੋਣ ਤੋਂ ਬਾਅਦ ਮੁਲਜ਼ਮ ਗੁਰਪ੍ਰੀਤ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਰੁਖ਼ ਕੀਤਾ ਹੈ। ਹਾਈਕੋਰਟ ਨੇ ਇਸ ਮਾਮਲੇ ਦੀ ਸੁਣਵਾਈ 10 ਅਕਤੂਬਰ ਮੁਕੱਰਰ ਕਰਕੇ ਪੁਲੀਸ ਨੂੰ ਨੋਟਿਸ ਜਾਰੀ ਕੀਤਾ ਹੈ। ਐੱਸਐਚੳ ਨਛੱਤਰ ਸਿੰਘ ਅਤੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਸੁੱਖੀ ਨੇ ਦੱਸਿਆ ਕਿ ਉਕਤ ਫ਼ਰਾਰ ਹੋਏ ਪੰਜ ਮੁਲਜ਼ਮਾਂ ਦੀ ਭਾਲ ਵਿੱਚ ਪੁਲੀਸ ਵੱਲੋਂ ਛਾਪੇ ਮਾਰੇ ਜਾ ਰਹੇ ਹਨ ਅਤੇ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਕੋਲੋਂ 11 ਲੱਖ ਰੁਪਏ ਦੀ ਰਿਕਵਰੀ ਹੋ ਚੁੱਕੀ ਹੈ।