ਰਾਮ ਗੋਪਾਲ ਰਾਏਕੋਟੀ
ਰਾਏਕੋਟ, 11 ਅਗਸਤ
ਨਗਰ ਕੌਂਸਲ ਰਾਏਕੋਟ ਵਲੋਂ ਸ਼ਹਿਰ ਵਿੱਚ ਲਗਾਏ ਗਏ ਸਟਰੀਟ ਲਾਈਟਾਂ ਦੇ ਖੰਭਿਆਂ ਦੇ ਬਾਹਰ ਨੰਗੀਆਂ ਲਟਕਦੀਆਂ ਬਿਜਲੀ ਦੀਆਂ ਤਾਰਾਂ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਹੀਆਂ ਹਨ, ਜਦਕਿ ਨਗਰ ਕੌਂਸਲ ਅਧਿਕਾਰੀ ਇਸ ਸਬੰਧੀ ਅੱਖਾਂ ਮੀਚੀ ਬੈਠੇ ਹਨ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਵਲੋਂ ਸ਼ਹਿਰ ਦੀਆਂ ਵੱਖ-ਵੱਖ ਗਲੀਆਂ- ਮੁਹੱਲਿਆਂ, ਬਾਜ਼ਾਰਾਂ ਅਤੇ ਮੇਨ ਰੋਡ ’ਤੇ ਲਗਾਏ ਗਏ ਸਟਰੀਟ ਲਾਈਟਾਂ ਦੇ ਖੰਭਿਆਂ ਹੇਠ ਲੱਗੇ ਬਿਜਲੀ ਸਪਲਾਈ ਵਾਲੇ ਬਕਸੇ ਅਕਸਰ ਖੁੱਲ੍ਹੇ ਹੀ ਮਿਲਦੇ ਜਿਨ੍ਹਾਂ ਵਿੱਚ ਬਿਜਲੀ ਦੀਆਂ ਤਾਰਾਂ ਦੇ ਜੋੜ ਵੀ ਨੰਗੇ ਹੀ ਦਿਖਾਈ ਦਿੰਦੇ ਹਨ। ਜ਼ਮੀਨ ਤੋਂ ਫੁੱਟ ’ਕੁ ਉੱਪਰ ਲੱਗੇ ਬਕਸਿਆਂ ਵਿੱਚ ਨੰਗੇ ਪਏ ਇਹ ਬਿਜਲੀ ਦੇ ਜੋੜ ਕਿਸੇ ਸਮੇਂ ਵੀ ਘਾਤਕ ਸਿੱਧ ਹੋ ਸਕਦੇ ਹਨ। ਸ਼ਹਿਰ ਵਿੱਚੋਂ ਲੰਘਦੇ ਲੁਧਿਆਣਾ-ਬਠਿੰਡਾ ਰਾਜਮਾਰਗ ’ਤੇ ਲੱਗੇ ਸਟਰੀਟ ਲਾਈਟਾਂ ਦੇ ਖੰਭਿਆਂ ’ਤੇ ਵੀ ਤਾਰਾਂ ਵਾਲੇ ਜ਼ਿਆਦਾਤਰ ਬਕਸੇ ਖੁੱਲ੍ਹੇ ਹੀ ਪਏ ਹਨ, ਜਿਨ੍ਹਾਂ ਦੇ ਨੰਗੇ ਜੋੜ ਲੋਹੇ ਦੀ ਰੇਲਿੰਗ ਨਾਲ ਲੱਗੇ ਪਏ ਹਨ। ਜੇਕਰ ਪ੍ਰਸ਼ਾਸਨ ਵਲੋਂ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਕਿਸੇ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਉਧਰ ਇਹ ਮਾਮਲਾ ਜਦੋਂ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਲਿਆਦਾਂ ਤਾਂ ਉਨ੍ਹਾਂ ਕਿਹਾ ਕਿ ਛੇਤੀ ਹੀ ਇਹ ਨੰਗੇ ਜੋੜ ਠੀਕ ਕਰਵਾ ਦਿੱਤੇ ਜਾਣਗੇ।