ਖੇਤਰੀ ਪ੍ਰਤੀਨਿਧ
ਲੁਧਿਆਣਾ, 6 ਸਤੰਬਰ
ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ, ਲੁਧਿਆਣਾ ਵਿਖੇ 2 ਸਿੱਖ ਰੈਜੀਮੈਂਟ ਦਾ ਬੈਟਲ ਆਨਰ ਡੇਅ ਮਨਾਇਆ ਗਿਆ। ਇਸ ਮੌਕੇ ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ ਟੀ ਐਸ ਸ਼ੇਰਗਿੱਲ ਨੇ ਮੁੱਖ ਮੰਤਰੀ ਦੀ ਤਰਫੋਂ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਡਿਪਟੀ ਕਮਿਸ਼ਨਰ ਪੁਲੀਸ ਸ਼ਇਲਨਚੇਜੀਅਨ, ਉਪ ਮੰਡਲ ਮੈਜਿਸਟਰੇਟ ਅਮਰਿੰਦਰ ਸਿੰਘ ਮੱਲ੍ਹੀ ਅਤੇ ਹੋਰ ਅਧਿਕਾਰੀਆਂ ਤੋਂ ਇਲਾਵਾ 2 ਸਿੱਖ ਰੈਜੀਮੈਂਟ ਦੇ ਅਧਿਕਾਰੀ ਅਤੇ ਸੈਨਾ, ਨੇਵੀ ਅਤੇ ਏਅਰਫੋਰਸ ਦੇ ਕੁਝ ਚੋਣਵੇਂ ਸੇਵਾ ਮੁਕਤ ਅਧਿਕਾਰੀ ਵੀ ਹਾਜ਼ਰ ਸਨ।
ਲੈਫਟੀਨੈਂਟ ਜਨਰਲ ਸ਼ੇਰਗਿੱਲ ਨੇ ਦੱਸਿਆ ਕਿ ਦੇਸ਼ ਨੂੰ ਮਾਣ ਹੈ ਕਿ ਜਿਥੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਹਜ਼ਾਰਾਂ ਦੇਸ਼ ਭਗਤਾਂ ਨੇ ਆਪਣੀ ਕੁਰਬਾਨੀ ਦਿੱਤੀ ਉਥੇ ਇਸ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਕਈ ਫੌਜੀ ਯੋਧਿਆਂ ਨੇ ਆਪਣੇ ਪ੍ਰਾਣ ਤਿਆਗੇ। ਚੀਨ ਅਤੇ ਪਾਕਿਸਤਾਨ ਵੱਲੋਂ ਭਾਰਤ ਦੇ ਕਈ ਹਿੱਸਿਆਂ ਉਤੇ ਸਮੇਂ ਸਮੇਂ ਉਤੇ ਕੀਤੇ ਜਾ ਰਹੇ ਦਾਅਵਿਆਂ ਬਾਰੇ ਉਹਨਾਂ ਸਪੱਸ਼ਟ ਕੀਤਾ ਕਿ ਜਿਨ੍ਹਾ ਇਲਾਕਿਆਂ ਉਤੇ ਵੀ ਇਹ ਗੁਆਂਢੀ ਮੁਲਕ ਦਾਅਵਾ ਕਰ ਰਹੇ ਹਨ, ਉਹ ਸਾਰੇ ਭਾਰਤ ਦੇ ਹੀ ਹਨ।
ਉਨ੍ਹਾਂ ਕਿਹਾ ਕਿ ਭਾਰਤੀ ਫੌਜ ਦੇਸ਼ ਦੀਆਂ ਹੱਦਾਂ ਦੀ ਰਾਖੀ ਕਰਨ ਦੇ ਸਮਰੱਥ ਹਨ। ਫੌਜੀ ਅਧਿਕਾਰੀਆਂ ਵਿੱਚ ਪ੍ਰਮੁੱਖ ਤੌਰ ਲੈਫਟੀਨੈਂਟ ਜਨਰਲ ਏ ਕੇ ਸ਼ਰਮਾ, ਬ੍ਰਿਗੇਡ ਸਤਿੰਦਰ ਸਿੰਘ (ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਪੰਜਾਬ), ਬ੍ਰਿਗੇਡ ਜੀ ਜੇ ਸਿੰਘ, ਕਰਨਲ ਟੀ ਐਸ ਕਾਲੜਾ, ਕਰਨਲ ਅਨੂਪ ਸਿੰਘ ਧਰਨੀ, ਕਰਨਲ ਐਚ ਐਸ ਕਾਹਲੋਂ ਆਦਿ ਸ਼ਾਮਲ ਸਨ।