ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੇ ਇੱਕ ਏਸੀ ਮਕੈਨਿਕ ਦੀ ਕੁੱਟਮਾਰ ਦੇ ਦੋਸ਼ ਤਹਿਤ ਦਸ ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਸ ਸਬੰਧੀ ਈਡਬਲਿਊਐਸ ਕਲੋਨੀ ਤਾਜਪੁਰ ਰੋਡ ਵਾਸੀ ਅਰਵਿੰਦ ਕੁਮਾਰ ਨੇ ਦੱਸਿਆ ਕਿ ਉਹ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ। ਉਹ ਰਾਤ ਨੂੰ ਆਪਣੇ ਪਰਿਵਾਰ ਸਮੇਤ ਘਰ ਵਿੱਚ ਸੁੱਤਾ ਪਿਆ ਸੀ ਕਿ ਉਸ ਨੂੰ ਡੈਨੀ ਨਾਂ ਦੇ ਵਿਅਕਤੀ ਨੇ ਫੋਨ ਕਰ ਕੇ ਕਿਹਾ ਕਿ ਉਸਦੇ ਘਰ ਦਾ ਏਸੀ ਖਰਾਬ ਹੋ ਗਿਆ ਹੈ ਜਿਸਨੂੰ ਹੁਣੇ ਹੀ ਠੀਕ ਕਰਨਾ ਹੈ। ਉਸਨੇ ਜਦੋਂ ਮਨਾਂ ਕੀਤਾ ਤਾਂ ਕੁੱਝ ਲੋਕਾਂ ਨੇ ਬੇਸਬਾਲ ਅਤੇ ਹੋਰ ਹਥਿਆਰਾਂ ਨਾਲ ਲੈਸ ਹੋ ਕੇ ਉਸਦੇ ਘਰ ਅੰਦਰ ਵੜ ਕੇ ਉਸਦੀ ਅਤੇ ਪਰਿਵਾਰ ਦੀ ਕੁੱਟਮਾਰ ਕੀਤੀ ਤੇ ਘਰ ਵਿੱਚ ਪਏ ਸਾਮਾਨ ਤੋਂ ਇਲਾਵਾ ਐਕਟਿਵਾ ਅਤੇ ਬੁਲੇਟ ਮੋਟਰਸਾਈਕਲ ਦੀ ਭੰਨ-ਤੋੜ ਕਰ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਫ਼ਰਾਰ ਹੋ ਗਏ। ਥਾਣੇਦਾਰ ਪ੍ਰੇਮ ਚੰਦ ਨੇ ਦੱਸਿਆ ਕਿ ਪੁਲੀਸ ਨੇ ਡੈਨੀ, ਵਿਸ਼ਾਲ, ਵਿਨੇ, ਮੁੱਲਾ, ਵਿਰਾਟ ਅਤੇ 4-5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। -ਨਿੱਜੀ ਪੱਤਰ ਪ੍ਰੇਰਕ