ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 28 ਜਨਵਰੀ
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੁਧਿਆਣਾ ਪੁਲੀਸ ਨੇ ਚੰਡੀਗੜ੍ਹ ਤੋਂ ਸ਼ਰਾਬ ਲਿਆ ਕੇ ਜਸਪਾਲ ਬਾਂਗਰ ਕੋਲ ਗੱਡੀਆਂ ’ਚ ਤਬਦੀਲ ਕਰਦੇ ਸਮੇਂ ਛਾਪਾ ਮਾਰ ਕੇ ਸੀਆਈਏ-2 ਦੀ ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ, ਜਦੋਂ ਕਿ ਇੱਕ ਮੁਲਜ਼ਮ ਫ਼ਰਾਰ ਹੋ ਗਿਆ। ਪੁਲੀਸ ਨੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ ’ਚੋਂ 50 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੇ। ਪੁਲੀਸ ਨੇ ਇਸ ਮਾਮਲੇ ’ਚ ਥਾਣਾ ਸਾਹਨੇਵਾਲ ’ਚ ਡਾਬਾ ਰੋਡ ਸਥਿਤ ਨਿਊ ਜਨਤਾ ਨਗਰ ਵਾਸੀ ਸੁਖਦੀਪ ਸਿੰਘ ਉਰਫ਼ ਦੀਪਾ, ਨਿਖਲ ਬੱਗਾ ਉਰਫ਼ ਹਨੀ ਅਤੇ ਮਹਾਂ ਸਿੰਘ ਨਗਰ ਵਾਸੀ ਪਰਮਜੀਤ ਸਿੰਘ ਉਰਫ਼ ਤਾਜ ਦੇ ਖ਼ਿਲਾਫ਼ਕੇਸ ਦਰਜ ਕਰ ਲਿਆ ਹੈ। ਪੁਲੀਸ ਮੁਲਜ਼ਮਾਂ ਤੋਂ ਪੁੱਛਗਿਛ ਕਰਕੇ ਜਸਪ੍ਰੀਤ ਸਿੰਘ ਉਰਫ਼ ਸਾਹਿਲ ਦਾ ਪਤਾ ਲਾਉਣ ’ਚ ਲੱਗੀ ਹੋਈ ਹੈ। ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੁਲੀਸ ਨੇ ਇਲਾਕੇ ’ਚ ਨਾਕਾ ਲਾਇਆ ਹੋਇਆ ਸੀ। ਇਸੇ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਚੰਡੀਗੜ੍ਹ ਤੋਂ ਸ਼ਰਾਬ ਦੀ ਲਿਆ ਕੇ ਸ਼ਹਿਰ ’ਚ ਸਪਲਾਈ ਕਰਦੇ ਹਨ। ਮੁਲਜ਼ਮ ਸ਼ਰਾਬ ਜਸਪਾਲ ਬਾਂਗਰ ਦੇ ਕੋਲ ਇੱਕ ਗੱਡੀ ’ਚੋਂ ਦੂਸਰੀ ਗੱਡੀ ’ਚ ਰੱਖ ਰਹੇ ਸਨ। ਮਗਰੋਂ ਪੁਲੀਸ ਨੇ ਮੁਲਜ਼ਮਾਂ ਨੂੰ ਨਾਕੇ ਦੌਰਾਨ ਕਾਬੂ ਕਰ ਲਿਆ। ਪੁਲੀਸ ਅਨੁਸਾਰ ਸ਼ੱਕ ਹੈ ਕਿ ਇਹ ਸ਼ਰਾਬ ਚੋਣਾਂ ’ਚ ਵਰਤੀ ਜਾਣੀ ਸੀ। ਪੁਲੀਸ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਚੰਡੀਗੜ੍ਹ ’ਚ ਕਿੱਥੋਂ ਸ਼ਰਾਬ ਲਿਆਉਂਦੇ ਸਨ ਤੇ ਅੱਗੇ ਕਿਸਨੂੰ ਸਪਲਾਈ ਕਰਦੇ ਸਨ।
ਬੀਕਾਮ ਦੀ ਪੜ੍ਹਾਈ ਕਰ ਚੁੱਕਿਆ ਹੈ ਮੁਲਜ਼ਮ ਨਿਖਿਲ
ਪੁਲੀਸ ਅਨੁਸਾਰ ਮੁਲਜ਼ਮ ਨਿਖਿਲ ਬੀਕਾਮ ਦੀ ਪੜ੍ਹਾਈ ਕਰ ਚੁੱਕਿਆ ਹੈ ਤੇ ਇਸ ਸਮੇਂ ਇਲਾਕੇ ’ਚ ਹੀ ਸਥਿਤ ਫੈਕਟਰੀ ਅੰਦਰ ਅਕਾਊਂਟ ਦਾ ਕੰਮ ਕਰਦਾ ਹੈ। ਉਹ ਜਲਦੀ ਪੈਸੇ ਕਮਾਉਣ ਦੇ ਚੱਕਰ ’ਚ ਸ਼ਰਾਬ ਲਿਆ ਕੇ ਸਪਲਾਈ ਕਰਨ ਲੱਗਿਆ। ਪੁਲੀਸ ਅਨੁਸਾਰ ਮੁਲਜ਼ਮ ਸੁਖਦੀਪ ਵੀ ਫਿਲੌਰ ਦੀ ਫੈਕਟਰੀ ’ਚ ਕੰਮ ਕਰਦਾ ਹੈ ਤੇ ਕਾਰ ’ਚ ਹੀ ਆਉਂਦਾ ਜਾਂਦਾ ਹੈ। ਇਸ ਦੇ ਨਾਲ ਨਾਲ ਮੁਲਜ਼ਮ ਪਰਮਜੀਤ ਸਿੰਘ ਰਿਕਵਰੀ ਕੰਪਨੀ ’ਚ ਕੰਮ ਕਰਦਾ ਹੈ।