ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 23 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਮੌਕੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੱਦੇ ’ਤੇ ਪਿੰਡ ਅਮਰਗੜ੍ਹ ਕਲੇਰ, ਅਖਾੜਾ, ਲੱਖਾ, ਭਮਾਲ, ਦੇਹੜਕਾ ਆਦਿ ਵਿਖੇ ਅਰਥੀ ਫੂਕ ਮੁਜ਼ਾਹਰੇ ਕਰਕੇ ਭਾਜਪਾ ਹਰਾਓ, ਕਾਰਪੋਰੇਟ ਭਜਾਓ, ਦੇਸ਼ ਬਚਾਓ ਦੇ ਨਾਅਰੇ ਬੁਲੰਦ ਕੀਤੇ ਗਏ। ਕਿਸਾਨ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਮੌਕੇ ਵਿਰੋਧ ਦਾ ਐਲਾਨ ਕੀਤਾ ਸੀ। ਇਸੇ ਸੱਦੇ ਤਹਿਤ ਇਲਾਕੇ ਦੇ ਪਿੰਡਾਂ ‘ਚ ਵੀ ਅਰਥੀ ਫੂਕ ਮੁਜ਼ਾਹਰੇ ਕਰਕੇ ਮੋਦੀ ਸਰਕਾਰ ਦੀਆਂ ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਦਾ ਡਟਵਾਂ ਵਿਰੋਧ ਕੀਤਾ ਗਿਆ। ਇਸ ਸਮੇਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਜਗਤਾਰ ਸਿੰਘ ਦੇਹੜਕਾ, ਤਰਸੇਮ ਸਿੰਘ ਬੱਸੂਵਾਲ, ਗੁਰਤੇਜ ਸਿੰਘ ਅਖਾੜਾ, ਇੰਦਰਜੀਤ ਸਿੰਘ ਧਾਲੀਵਾਲ, ਜਗਜੀਤ ਸਿੰਘ ਕਲੇਰ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਸੁਖਦੇਵ ਸਿੰਘ ਮਾਣੂੰਕੇ ਨੇ ਕਿਹਾ ਕਿ ਦੇਸ਼ ਨੂੰ ਦੋਹੇਂ ਹੱਥੀਂ ਕਾਰਪੋਰੇਟਾਂ ਦੇ ਹਵਾਲੇ ਕਰ ਰਹੀ ਭਾਜਪਾ ਦੀ ਪੰਜਾਬ ‘ਚ ਕੋਈ ਥਾਂ ਨਹੀਂ ਹੈ। ਪਹਿਲਾਂ ਪੰਦਰਾਂ ਲੱਖ ਦੇ ਲਾਰੇ, ਦੋ ਕਰੋੜ ਨੌਕਰੀਆਂ ਦੇ ਨਾਅਰੇ ਤੇ ਹੁਣ ਗਾਰੰਟੀਆਂ ਰਾਹੀਂ ਲੋਕਾਂ ਨੂੰ ਭਰਮਾ ਰਹੀ ਭਾਜਪਾ ਦੇ ਦਿਨ ਪੁੱਗ ਚੁੱਕੇ ਹਨ। ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਤੋਂ ਮੂੰਹ ਮੋੜ ਕੇ ਦੇਸ਼ ਨੂੰ ਫਿਰਕੂ ਧਰੁੱਵੀਕਰਨ ਦੀ ਖੱਡ ‘ਚ ਸੁੱਟਣ ਵਾਲੀ ਭਾਜਪਾ ਮੁਲਕ ਨੂੰ ਤਾਨਾਸ਼ਾਹੀ ਵੱਲ ਧੱਕ ਰਹੀ ਹੈ। ਇਸ ਸਮੇਂ ਹਰਦੇਵ ਸਿੰਘ ਅਖਾੜਾ, ਤੇਜ ਸਿੰਘ ਲੱਖਾ, ਚਮਕੌਰ ਸਿੰਘ, ਸਾਧੂ ਸਿੰਘ, ਪ੍ਰਕਾਸ਼ ਕੌਰ, ਰਾਜਿੰਦਰ ਕੌਰ, ਹਰਜਿੰਦਰ ਸਿੰਘ, ਜਸਵਿੰਦਰ ਸਿੰਘ ਭਮਾਲ ਆਦਿ ਹਾਜ਼ਰ ਸਨ।