ਖੇਤਰੀ ਪ੍ਰਤੀਨਿਧ
ਲੁਧਿਆਣਾ, 28 ਜੁਲਾਈ
ਪਬਲਿਕ ਐਕਸ਼ਨ ਕਮੇਟੀ ਪੀਏਸੀ ਮੱਤੇਵਾੜਾ, ਸਤਲੁਜ ਅਤੇ ਬੁੱਢਾ ਦਰਿਆ ਨੇ ਵਾਤਾਵਰਨ ਕਾਰਕੁਨਾਂ ਅਤੇ ਹੋਰ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਅੱਜ ਤੋਂ ਬੁੱਢਾ ਦਰਿਆ ਪੈਦਲ ਯਾਤਰਾ ਦੇ ਛੇਵੇਂ ਗੇੜ ਦੀ ਸ਼ੁਰੂਆਤ ਕੀਤੀ ਹੈ। ਇਸ ਪੈਦਲ ਯਾਤਰਾ ਦਾ ਮੁੱਖ ਉਦੇਸ਼ ਜਲ ਭੰਡਾਰਾਂ ਦੀ ਨਾਜ਼ੁਕ ਸਥਿਤੀ ’ਤੇ ਚਾਨਣਾ ਪਾਉਣਾ ਅਤੇ ਕਾਰਵਾਈ ਯੋਗ ਹੱਲ ਪੇਸ਼ ਕਰਨਾ ਹੈ।
ਇਸ ਮੁਹਿੰਮ ਨੂੰ ਅੱਗੇ ਤੋਰਨ ਲਈ ਪੀਏਸੀ ਨੇ ਪੜਾਅਵਾਰ ਪਹੁੰਚ ਦੀ ਰੂਪ ਰੇਖਾ-ਤਿਆਰ ਕੀਤੀ। ਇਸ ਤਹਿਤ ਸੀਵਰ ਲਾਈਨਾਂ ਵਿੱਚ ਸਾਰੇ ਉਦਯੋਗਿਕ ਨਿਕਾਸ ਨੂੰ ਬੰਦ ਕਰਨ ’ਤੇ ਤੁਰੰਤ ਤਰਜੀਹ ਦੇਣ ਲਈ ਕਿਹਾ ਗਿਆ। ਇਸੇ ਤਰ੍ਹਾਂ ਟ੍ਰੀਟਮੈਂਟ ਪਲਾਂਟਾਂ ਅਤੇ ਡੇਅਰੀ ਕੰਪਲੈਕਸਾਂ ਤੋਂ ਜ਼ੀਰੋ ਤਰਲ ਡਿਸਚਾਰਜ ਨੂੰ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ ਗਿਆ। ਇਸ ਤੋਂ ਇਲਾਵਾ ਜਲ ਪ੍ਰਬੰਧਨ ਨੂੰ ਵਧਾਉਣ ਲਈ ਗਊ ਘਾਟ ਪੰਪਿੰਗ ਸਟੇਸ਼ਨ ਦੀ ਸਥਾਪਨਾ ਦੀ ਗੱਲ ਕੀਤੀ ਗਈ। ਇਸ ਮੁਹਿੰਮ ਦੀ ਅਗਵਾਈ ਕਰਦੇ ਵਾਤਾਵਰਨ ਪ੍ਰੇਮੀ ਰਾਜਿੰਦਰ ਸਿੰਘ ਕਾਲੜਾ ਨੇ ਜਲ ਪ੍ਰਦੂਸ਼ਣ ਕਾਰਨ ਜਾਨਾਂ ਗਵਾਉਣ ਵਾਲਿਆਂ ਅਤੇ ਪ੍ਰਭਾਵਿਤ ਭਾਈਚਾਰਿਆਂ ਲਈ ਸਹਾਇਤਾਂ ਦੀ ਗੱਲ ਕੀਤੀ। ਇਸ ਮੌਕੇ ਐਡਵੋਕੇਟ ਆਰਐਸ ਅਰੋੜਾ, ਐਡਵੋਕੇਟ ਯੋਗੇਸ਼ ਖੰਨਾ, ਗੁਰਬਚਨ ਸਿੰਘ ਬੱਤਰਾ, ਮਹਿੰਦਰ ਸਿੰਘ ਸੇਖੋਂ, ਦਾਨ ਸਿੰਘ ਓਸਾਹਣ, ਸੁਰਿੰਦਰ ਮੋਦਗਿੱਲ, ਸ਼ਮਿੰਦਰ ਸਿੰਘ ਲੌਂਗੋਵਾਲ, ਮਨਜਿੰਦਰ ਸਿੰਘ ਗਰੇਵਾਲ, ਡਾ. ਵੀਪੀ ਮਿਸ਼ਰਾ, ਮਨਿੰਦਰਜੀਤ ਸਿੰਘ ਬੈਨੀਪਾਲ, ਕਰਨਲ ਸੀਐੱਮ ਲਖਨਪਾਲ ਨੇ ਹੋਰ ਵਾਤਾਵਰਨ ਪ੍ਰੇਮੀਆਂ ਅਤੇ ਸੰਸਥਾਵਾਂ ਨੂੰ ਬੁੱਢਾ ਦਰਿਆ ਨੂੰ ਇਸ ਦੀ ਪੁਰਾਣੀ ਦਿੱਖ ਬਹਾਲ ਕਰਵਾਉਣ ਲਈ ਸਹਿਯੋਗ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ-ਸੁਥਰਾ ਵਾਤਾਵਰਨ ਮੁਹੱਈਆ ਕਰਨ ਲਈ ਉਕਤ ਮੁੱਦਿਆਂ ’ਤੇ ਸਾਡੀ ਇਕਜੁੱਟਤਾ ਹੋਣੀ ਬਹੁਤ ਲਾਜ਼ਮੀ ਹੈ। ਇਸ ਬੁੱਢਾ ਦਰਿਆ ਪੈਦਲ ਯਾਤਰਾ ਦੌਰਾਨ ਸਾਰੇ ਨੁਮਾਇੰਦਿਆਂ ਨੇ ਆਪਣੇ ਗਲੇ ਵਿੱਚ ਵਾਤਾਵਰਣ ਪੱਖੀ ਨਾਹਰੇ ਲਿਖੀਆਂ ਤਖਤੀਆਂ ਪਾਈਆਂ ਹੋਈਆਂ।