ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 1 ਅਕਤੂਬਰ
ਕ੍ਰਿਕਟ ਮੈਚ ’ਤੇ ਸੱਟੇਬਾਜ਼ੀ ਅਮੀਰਜ਼ਾਦਿਆਂ ਦਾ ਸ਼ੌਂਕ ਬਣ ਗਿਆ ਹੈ ਅਤੇ ਅੱਜਕੱਲ੍ਹ ਦੁਬਈ ਵਿੱਚ ਹੋ ਰਹੇ ਰੋਜ਼ਾਨਾ ਆਈਪੀਐੱਲ ਮੈਚਾਂ ’ਤੇ ਕਰੋੜਾਂ ਰੁਪਏ ਦਾ ਸੱਟਾ ਲੱਗ ਰਿਹਾ ਹੈ ਅਤੇ ਇਹ ਸਾਰਾ ਗੋਰਖਧੰਦਾ ਮੋਬਾਈਲ ਫੋਨ ’ਤੇ ਸੱਟੇਬਾਜ਼ਾਂ ਵਲੋਂ ਡਾਊਨਲੋਡ ਕੀਤੀਆਂ ਐਪਾਂ ਰਾਹੀਂ ਬੇਖੌਫ਼ ਚੱਲ ਰਿਹਾ ਹੈ ਜਿਸ ਨਾਲ ਇਹ ਕਰੋੜਾਂ ਰੁਪਏ ਦਾ ਕਾਰੋਬਾਰ ਪੁਲਸ ਦੀ ਪਕੜ ਤੋਂ ਫਿਲਹਾਲ ਬਾਹਰ ਹੈ। ਕ੍ਰਿਕਟ ਮੈਚ ’ਤੇ ਸੱਟਾ ਖੇਡਣ ਲਈ ਮੋਬਾਈਲ ਫੋਨਾਂ ’ਤੇ ਕਈ ਐਪਾਂ ਹਨ ਜਿਨ੍ਹਾਂ ਨੂੰ ਸੱਟਾ ਲਗਾਉਣ ਵਾਲੇ ਪਲੇਅ ਸਟੋਰ ’ਤੇ ਜਾ ਕੇ ਡਾਊਨਲੋਡ ਕਰਦੇ ਹਨ ਅਤੇ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮੈਚਾਂ ’ਤੇ ਸੱਟੇ ਦਾ ਭਾਅ ਦੱਸਣ ਵਾਲੀ ਇਹ ਐਪਸ ਭਾਰਤ ’ਚ ਸੱਟੇ ਦੀ ਪਾਬੰਦੀ ਹੋਣ ਦੇ ਬਾਵਜੂ ਬੜੀ ਅਸਾਨੀ ਨਾਲ ਡਾਊਨਲੋਡ ਹੋ ਜਾਂਦੀਆਂ ਹਨ। ਜੇ ਸਰਕਾਰ ਤੇ ਪੁਲੀਸ ਇਸ ਧੰਦੇ ਨੂੰ ਨੱਥ ਪਾਉਣਾ ਚਾਹੁੰਦੀ ਹੈ ਤਾਂ ਇਹ ਸੱਟਾ ਚਲਾਉਣ ਵਾਲੀਆਂ ਐਪਸ ’ਤੇ ਮੁਕੰਮਲ ਪਾਬੰਦੀ ਲਗਾਉਣੀ ਚਾਹੀਦੀ ਹੈ। ਸਾਈਬਰ ਕ੍ਰਾਇਮ ਦੀ ਜ਼ਿਲ੍ਹਾ ਅਧਿਕਾਰੀ ਸੁਖਪਾਲ ਕੌਰ ਨੇ ਕਿਹਾ ਕਿ ਪੰਜਾਬ ਪੁਲੀਸ ਵੱਲੋਂ ਸੱਟੇਬਾਜ਼ਾਂ ਖਿਲਾਫ਼ ਪੂਰੀ ਤਰ੍ਹਾਂ ਸਖ਼ਤੀ ਵਰਤੀ ਹੋਈ ਹੈ ਅਤੇ ਉਨ੍ਹਾਂ ਨੂੰ ਕਾਬੂ ਕਰਕੇ ਪਰਚੇ ਵੀ ਦਰਜ ਕੀਤੇ ਜਾ ਰਹੇ ਹਨ। ਇਸ ਮੋਬਾਈਲ ਐਪਸ ਜ਼ਰੀਏ ਲੱਗਣ ਵਾਲੇ ਸੱਟੇ ਦੀ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਆਈ।